ਪੰਜਾਬ ’ਚ 2500 ਕਰੋੜ ਰੁਪਏ ਨਾਲ ਗ੍ਰੀਨਫੀਲਡ ਸਟੀਲ ਪਲਾਂਟ ਹੋਵੇਗਾ ਸਥਾਪਤ
ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਉਦਯੋਗਿਕ ਖੇਤਰ ਵਿੱਚ ਅੱਗੇ ਲਿਜਾਉਣ ਲਈ ਵਧੀਆ ਮਾਹੌਲ ਪ੍ਰਦਾਨ ਕੀਤਾ ਜਾ ਰਿਹਾ ਹੈ। ਇਸੇ ਸਦਕਾ ਪੰਜਾਬ ਵਿੱਚ 2500 ਕਰੋੜ ਰੁਪਏ ਦੀ ਲਾਗਤ ਨਾਲ ਸੋਲਰ ਪਲਾਂਟ ਸਣੇ ਇੱਕ ਨਵਾਂ ਗ੍ਰੀਨਫੀਲਡ ਸਟੀਲ ਪਲਾਂਟ ਸਥਾਪਤ ਕੀਤਾ ਜਾਵੇਗਾ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ੍ਰੀ ਅਰੋੜਾ ਨੇ ਕਿਹਾ ਕਿ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਵੱਲੋਂ ਜਾਪਾਨ ਦੀ ਆਈਚੀ ਸਟੀਲ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਲੁਧਿਆਣਾ ਵਿੱਚ ਪਲਾਂਟ ਸਥਾਪਤ ਕੀਤਾ ਜਾਵੇਗਾ। ਇਹ ਪ੍ਰਾਜੈਕਟ ਅਲਾਏ ਅਤੇ ਸਪੈਸ਼ਲ ਸਟੀਲ ਦੀਆਂ 5 ਲੱਖ ਟਨ ਪ੍ਰਤੀ ਸਾਲ ਦੀਆਂ ਘਰੇਲੂ ਅਤੇ ਵਿਸ਼ਵਵਿਆਪੀ ਆਟੋਮੋਟਿਵ ਜ਼ਰੂਰਤਾਂ ਨੂੰ ਪੂਰਾ ਕਰੇਗਾ। ਇਹ ਪਲਾਂਟ ਇਲੈਕਟ੍ਰਿਕ ਆਰਕ ਫਰਨੇਸ (ਈ.ਏ.ਐਫ) ਰੂਟ ਰਾਹੀਂ ਉਤਪਾਦਨ ਊਰਜਾ ਕੁਸ਼ਲਤਾ, ਕਾਰਬਨ ਨਿਕਾਸ ਨੂੰ ਘਟਾਉਣ ਅਤੇ ਸ਼ੁੱਧ ਸਟੀਲ ਉਤਪਾਦਨ ਨੂੰ ਯਕੀਨੀ ਬਣਾਏਗਾ।
ਸ੍ਰੀ ਅਰੋੜਾ ਨੇ ਕਿਹਾ ਕਿ ਇਸ ਪ੍ਰਾਜੈਕਟ ਵਿੱਚ 1500 ਤੋਂ ਵੱਧ ਲੋਕਾਂ ਨੂੰ ਸਿੱਧੇ ਤੌਰ ’ਤੇ ਰੁਜ਼ਗਾਰ ਮਿਲੇਗਾ। ਇਸ ਮੌਕੇ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਦੇ ਵਾਈਸ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਸਚਿਤ ਜੈਨ ਨੇ ਕਿਹਾ ਕਿ ਊਰਜਾ ਕੁਸ਼ਲ ਤਕਨਾਲੋਜੀਆਂ ਦੀ ਵਰਤੋਂ ਕਰਦਿਆਂ ਸਟੀਲ ਸਕ੍ਰੈਪ ਨੂੰ ਪਿਘਲਾ ਕੇ ਅਤੇ ਨਵਿਆਉਣਯੋਗ ਊਰਜਾ ਦੀ ਵਰਤੋਂ ਕਰਕੇ ਗਰੀਨ ਸਟੀਲ ਦਾ ਉਤਪਾਦਨ ਕਰਨ ’ਤੇ ਧਿਆਨ ਕੇਂਦਰਿਤ ਕੀਤਾ ਗਿਆ। ਇਹ ਪਲਾਂਟ ਆਟੋਮੋਟਿਵ ਐਪਲੀਕੇਸ਼ਨਾਂ ਲਈ ਵਿਸ਼ੇਸ਼ ਸਟੀਲ ਵਿੱਚ ਵਿਸ਼ਵ ਪੱਧਰ ’ਤੇ ਮੋਹਰੀ ਆਈਚੀ ਸਟੀਲ ਕਾਰਪੋਰੇਸ਼ਨ, ਜਾਪਾਨ ਦੇ ਸਹਿਯੋਗ ਨਾਲ ਸਥਾਪਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਸਹਾਇਕ ਉਦਯੋਗਾਂ, ਫੋਰਜਿੰਗ ਯੂਨਿਟਾਂ, ਲੌਜਿਸਟਿਕਸ, ਸੇਵਾ ਖੇਤਰਾਂ ਲਈ ਵੀ ਲਾਹੇਵੰਦ ਹੋਵੇਗਾ ਅਤੇ ਉਦਯੋਗਿਕ ਈਕੋਸਿਸਟਮ ਨੂੰ ਹੁਲਾਰਾ ਦੇਵੇਗਾ।