ਪੈਸੇ ਦਾ ਲਾਲਚ: ਪਤਨੀ ਵੱਲੋਂ ਭਰਾ ਅਤੇ ਸਾਥੀਆਂ ਨਾਲ ਮਿਲ ਕੇ ਪਤੀ ਦਾ ਕਤਲ
ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਭਾਗੀ ਬਾਂਦਰ ਵਿਖੇ ਇਲਾਜ ਲਈ ਦਾਨ ਵਜੋਂ ਪੈਸੇ ਦੇ ਲਾਲਚ ਵਿੱਚ ਪਤਨੀ ਨੇ ਆਪਣੇ ਭਰਾ ਅਤੇ ਉਸਦੇ ਸਾਥੀਆਂ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ। ਪੁਲੀਸ ਨੇ ਇਸ ਮਾਮਲੇ ਵਿੱਚ ਮ੍ਰਿਤਕ ਦੀ ਪਤਨੀ, ਮ੍ਰਿਤਕ ਦੇ ਸਾਲੇ, ਮ੍ਰਿਤਕ ਦੇ ਸਾਲੇ ਦੇ ਸਾਲੇ ਅਤੇ ਇੱਕ ਹੋਰ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਦਿਆਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਅਨੁਸਾਰ ਗੁਰਸੇਵਕ ਸਿੰਘ ਗੱਗੂ ਇੱਕ ਹਾਦਸੇ ਦੌਰਾਨ ਜ਼ਖਮੀ ਹੋ ਗਿਆ ਸੀ, ਜਿਸ ਨੇ ਆਪਣੇ ਇਲਾਜ ਲਈ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੋਂ ਮਦਦ ਦੀ ਮੰਗੀ ਸੀ। ਇਸ ਦੌਰਾਨ ਕਰੀਬ 3 ਲੱਖ ਰੁਪਏ ਮਦਦ ਵਜੋਂ ਉਸ ਦੀ ਪਤਨੀ ਦੇ ਖਾਤੇ ਵਿੱਚ ਇਕੱਠੇ ਹੋਏ। ਜਦੋਂ ਗੁਰਸੇਵਕ ਵੱਲੋਂ ਪਤਨੀ ਤੋਂ ਪੈਸਿਆਂ ਦੀ ਮੰਗ ਕੀਤੇ ਜਾਣ ਨੂੰ ਲੈ ਕੇ ਦੋਵਾਂ ਵਿਚ ਵਿਵਾਦ ਹੋ ਗਿਆ। ਜਿਸ ਦੇ ਚਲਦਿਆਂ ਕਥਿਤ ਤੌਰ ’ਤੇ ਮ੍ਰਿਤਕ ਦੀ ਪਤਨੀ ਨੇ ਆਪਣੇ ਭਰਾ, ਭਰਾ ਦੇ ਸਾਲੇ, ਅਤੇ ਇੱਕ ਹੋਰ ਵਿਅਕਤੀ ਨਾਲ ਮਿਲ ਕੇ ਪਹਿਲਾਂ ਆਪਣੇ ਪਤੀ ਦਾ ਕਤਲ ਕਰਵਾਇਆ ਅਤੇ ਫਿਰ ਉਸ ਨੂੰ ਨਹਿਰ ਵਿੱਚ ਸੁੱਟ ਕੇ ਮਾਮਲਾ ਲੁਕਾਉਣ ਦੀ ਕੋਸ਼ਿਸ਼ ਕੀਤੀ।
ਇਸ ਦਾ ਖੁਲਾਸਾ ਮ੍ਰਿਤਕ ਦੀ ਲਾਸ਼ ਕੁਝ ਦਿਨਾਂ ਬਾਅਦ ਨਹਿਰ ’ਚੋ ਲਾਸ਼ ਮਿਲਣ ਤੋਂ ਬਾਅਦ ਹੋਇਆ। ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐੱਸਪੀ ਤਲਵੰਡੀ ਸਾਬੋ ਨੇ ਦੱਸਿਆ ਕਿ ਪੈਸੇ ਦੇ ਲਾਲਚ ਵਿੱਚ ਉਸ ਦੀ ਪਤਨੀ ਨੇ ਆਪਣੇ ਭਰਾ ਅਤੇ ਰਿਸ਼ਤੇਦਾਰਾਂ ਨਾਲ ਮਿਲ ਕੇ ਉਸ ਦਾ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੂੰ ਪਹਿਲਾਂ ਘਰ ਤੋਂ ਲਿਜਾਇਆ ਗਿਆ ਅਤੇ ਬਾਅਦ ਵਿੱਚ ਉਸਨੂੰ ਸ਼ਰਾਬ ਪਿਆ ਕੇ ਗਲਾ ਘੋਟਦਿਆਂ ਨਹਿਰ ਵਿਚ ਸੁੱਟ ਦਿੱਤਾ ਅਤੇ ਇਸ ਮਾਮਲੇ ਨੂੰ ਆਤਮਹੱਤਿਆ ਬਣਾਉਣ ਦੀ ਕੋਸ਼ਿਸ਼ ਵੀ ਕੀਤੀ। ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।