ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਪਿੰਡ ਭੁੱਚੋ ਖੁਰਦ ਵਿੱਚ ਜ਼ਿਲਾ ਪੱਧਰੀ ਇਕੱਤਰਤਾ ਕੀਤੀ ਗਈ। ਇਸ ਮੌਕੇ ਆਗੂਆਂ ਨੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਚਲਾਈ ਮੁਹਿੰਮ ਤਹਿਤ ਉਨ੍ਹਾਂ ਦੇ ਖੇਤਾਂ ਨੂੰ ਪੱਧਰਾ ਕਰਨ ਲਈ 23 ਅਕਤੂਬਰ ਨੂੰ ਟਰੈਕਟਰ ਭੇਜਣ ਦੀ ਵਿਉਂਤਬੰਦੀ ਕੀਤੀ। ਆਗੂਆਂ ਨੇ ਕਿਹਾ ਕਿ ਬਠਿੰਡਾ, ਮਾਨਸਾ ਤੇ ਫਰੀਦਕੋਟ ਜ਼ਿਲ੍ਹਿਆਂ ਤੋਂ ਸੈਂਕੜੇ ਟਰੈਕਟਰ ਭੇਜੇ ਜਾਣਗੇ ਤੇ ਜਥੇਬੰਦੀ ਦੀ ਸਮਰੱਥਾ ਅਨੁਸਾਰ ਕਣਕ ਦਾ ਬੀਜ ਦਿੱਤਾ ਜਾਵੇਗਾ। ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਹੜ੍ਹਾਂ ਨੂੰ ਕੌਮੀ ਆਫਤ ਮੰਨ ਕੇ ਇਸ ਦੇ ਨੁਕਸਾਨ ਦੀ ਪੂਰੀ ਭਰਪਾਈ ਕਰੇ ਤੇ ਪੰਜਾਬ ਸਰਕਾਰ ਜ਼ਿਆਦਾ ਮੀਹਾਂ ਕਾਰਨ ਘਰਾਂ, ਪਸ਼ੂਆਂ, ਫਸਲਾਂ ਅਤੇ ਜਾਨੀ ਨੁਕਸਾਨ ਦੀ ਵੀ ਪੂਰੀ ਭਰਪਾਈ ਕਰੇ। ਹੜ੍ਹਾਂ ਕਾਰਨ ਉੱਚੀ- ਨੀਵੀਂ ਹੋਈ ਜ਼ਮੀਨ ਪੱਧਰੀ ਕਰਨ ਅਤੇ ਬਿਜਾਈ ਲਈ ਡੀਜ਼ਲ ’ਤੇ ਦੋਵੇਂ ਸਰਕਾਰਾਂ ਵੱਲੋਂ ਲਾਇਆ 56 ਰੁਪਏ ਪ੍ਰਤੀ ਲਿਟਰ ਵਾਲਾ ਟੈਕਸ ਖ਼ਤਮ ਕੀਤਾ ਜਾਵੇ। ਇਸ ਮੌਕੇ ਔਰਤ ਜਥੇਬੰਦੀ ਦੇ ਆਗੂ ਹਰਿੰਦਰ ਬਿੰਦੂ, ਹਰਪ੍ਰੀਤ ਕੌਰ ਜੇਠੂਕੇ, ਮਾਲਣ ਕੌਰ, ਕਰਮਜੀਤ ਕੌਰ ਲਹਿਰਾਖਾਨਾ, ਜਗਦੇਵ ਸਿੰਘ ਜੋਗੇਵਾਲਾ, ਜਸਵੀਰ ਸਿੰਘ ਬੁਰਜ ਸੇਮਾ, ਨਛੱਤਰ ਸਿੰਘ ਢੱਡੇ, ਜਗਸੀਰ ਸਿੰਘ ਝੁੰਬਾ, ਬਾਬੂ ਸਿੰਘ ਮੰਡੀ ਖੁਰਦ ਸਮੇਤ ਬਲਾਕਾਂ ਅਤੇ ਪਿੰਡਾਂ ਦੇ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ।
+
Advertisement
Advertisement
Advertisement
Advertisement
×