ਸਰਕਾਰਾਂ 23 ਜੁਲਾਈ ਨੂੰ ‘ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜਾ’ ਐਲਾਨਣ: ਗੜਗੱਜ
ਜਗਤਾਰ ਸਿੰਘ ਲਾਂਬਾ
ਕੈਨੇਡਾ ਦੀ ਧਰਤੀ ਤੋਂ 23 ਜੁਲਾਈ 1914 ਨੂੰ ਜਬਰਨ ਵਾਪਸ ਮੋੜੇ ਗਏ ‘ਗੁਰੂ ਨਾਨਕ ਜਹਾਜ਼’ ਦੇ ਇਤਿਹਾਸ ਦੀ 111ਵੀਂ ਵਰ੍ਹੇਗੰਢ ਮੌਕੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਸੰਸਥਾਵਾਂ, ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਆਖਿਆ ਹੈ ਕਿ 23 ਜੁਲਾਈ ਦੇ ਦਿਨ ਨੂੰ ‘ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜਾ’ ਐਲਾਨਿਆ ਜਾਵੇ।
ਉਨ੍ਹਾਂ ਕਿਹਾ ਕਿ ਕੈਨੇਡਾ ਦੀ ਧਰਤੀ ’ਤੇ ਸਰੀ ਅਤੇ ਵੈਨਕੂਵਰ ਵਿੱਚ ਇਸ ਘਟਨਾ ਨੂੰ ‘ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜਾ’ ਵਜੋਂ ਸਰਕਾਰੀ ਤੌਰ ’ਤੇ ਮਾਨਤਾ ਦਿੱਤੀ ਗਈ ਹੈ। ਜਥੇਦਾਰ ਨੇ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਕਿ ਭਾਰਤ ਵਿੱਚ ਅਜੇ ਵੀ ਕਿਤਾਬਾਂ ਵਿੱਚ ਇਸ ਜਹਾਜ਼ ਦੇ ਨਾਮ ਲਈ ‘ਕਾਮਾਗਾਟਾਮਾਰੂ’ ਸ਼ਬਦ ਵਰਤਿਆ ਜਾਂਦਾ ਹੈ ਜਦਕਿ ਸਿੱਖਾਂ ਵੱਲੋਂ ਜਹਾਜ਼ ਨੂੰ ਕਿਰਾਏ ’ਤੇ ਲੈ ਕੇ ਇਸ ਦਾ ਨਾਮ ‘ਗੁਰੂ ਨਾਨਕ ਜਹਾਜ਼’ ਰੱਖਿਆ ਗਿਆ ਸੀ ਜਿਸ ਦੀ ਪੁਸ਼ਟੀ ਬਾਬਾ ਗੁਰਦਿੱਤ ਸਿੰਘ ਦੀ ਕਿਤਾਬ ‘ਗੁਰੂ ਨਾਨਕ ਜਹਾਜ਼’ ਵਿੱਚੋਂ ਮਿਲਦੀ ਹੈ। ਜਥੇਦਾਰ ਸ੍ਰੀ ਗੜਗੱਜ ਨੇ ਅਪੀਲ ਕੀਤੀ ਕਿ ਭਾਰਤ ਦੀਆਂ ਯੂਨੀਵਰਸਿਟੀਆਂ, ਵਿੱਦਿਅਕ ਅਦਾਰੇ ਅਤੇ ਗੁਰਦੁਆਰਾ ਪ੍ਰਬੰਧਕ ਸੰਸਥਾਵਾਂ ਇਸ ਘਟਨਾ ਵਿੱਚ ‘ਗੁਰੂ ਨਾਨਕ ਜਹਾਜ਼’ ਦੇ ਸਹੀ ਨਾਮ ਨੂੰ ਮਨਜ਼ੂਰੀ ਦੇਣ। ਅੱਜ ਜਿੱਥੇ ਵੀ ਇਸ ਜਹਾਜ਼ ਦਾ ਨਾਂ ‘ਕਾਮਾਗਾਟਾ ਮਾਰੂ’ ਪੜ੍ਹਾਇਆ ਜਾਂਦਾ ਹੈ, ਉਸ ਦੀ ਥਾਂ ‘ਗੁਰੂ ਨਾਨਕ ਜਹਾਜ਼’ ਦਰਜ ਹੋਣਾ ਚਾਹੀਦਾ ਹੈ।
ਸੀਚੇਵਾਲ ਵੱਲੋਂ ਰਾਜ ਸਭਾ ਦੇ ਵਾਈਸ ਚੇਅਰਮੈਨ ਨੂੰ ਪੱਤਰ
ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਕਾਮਾਗਾਟਾਮਾਰੂ ਜਹਾਜ਼ ਦਾ ਨਾਂ ਗੁਰੂ ਨਾਨਕ ਜਹਾਜ਼ ਵਜੋਂ ਕਰਨ ਅਤੇ 23 ਜੁਲਾਈ ਨੂੰ ਹਰ ਸਾਲ ਕੌਮੀ ਪੱਧਰ ’ਤੇ ਇਸ ਸਬੰਧੀ ਦਿਹਾੜਾ ਮਨਾਉਣ ਲਈ ਰਾਜ ਸਭਾ ਦੇ ਉਪ ਚੇਅਰਮੈਨ ਹਰਿਵੰਸ਼ ਨਾਰਾਇਣ ਸਿੰਘ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਲਿਖਿਆ ਕਿ ਅੱਜ ਤੋਂ 111 ਸਾਲ ਪਹਿਲਾਂ 23 ਜੁਲਾਈ 1914 ਨੂੰ ਗੁਰੂ ਨਾਨਕ ਜਹਾਜ਼ ਕੈਨੇਡਾ ਤੋਂ ਵਾਪਸ ਭਾਰਤ ਲਈ ਰਵਾਨਾ ਹੋਇਆ ਸੀ। ਇਹ ਜਹਾਜ਼ 29 ਸਤੰਬਰ 1914 ਨੂੰ ਕੋਲਕਾਤਾ ਦੇ ਬਜਬਜ ਘਾਟ ’ਤੇ ਪੁੱਜਾ ਸੀ ਜਿੱਥੇ ਅੰਗਰੇਜ਼ੀ ਹਕੂਮਤ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਜਹਾਜ਼ ਦੇ 19 ਯਾਤਰੀਆਂ ਨੂੰ ਸ਼ਹੀਦ ਕਰ ਦਿੱਤਾ ਸੀ।
ਵਿਸ਼ਾਲ ਸੰਘਰਸ਼ ਦੀ ਯਾਦ ਨੂੰ ਤਾਜ਼ਾ ਕਰਦਾ ਹੈ ਦਿਨ: ਜਥੇਦਾਰ
ਜਥੇਦਾਰ ਸ੍ਰੀ ਗੜਗੱਜ ਨੇ ਕਿਹਾ ਇਹ ਦਿਨ ਨਸਲਵਾਦ ਵਿਰੁੱਧ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਹੋਏ ਵਿਸ਼ਾਲ ਸੰਘਰਸ਼ ਦੀ ਯਾਦ ਨੂੰ ਤਾਜ਼ਾ ਕਰਦਾ ਹੈ ਜਿਸ ਦੀ ਅਗਵਾਈ ਬਾਬਾ ਗੁਰਦਿੱਤ ਸਿੰਘ ਨੇ ਕੀਤੀ ਸੀ। ਬਾਬਾ ਗੁਰਦਿੱਤ ਸਿੰਘ ਨੇ ਸੰਨ 1914 ਵਿੱਚ ਗੁਰੂ ਨਾਨਕ ਸਟੀਮਸ਼ਿਪ ਕੰਪਨੀ ਦੀ ਸਥਾਪਨਾ ਕਰ ਕੇ ਕਾਮਾਗਾਟਾ ਮਾਰੂ ਨਾਮੀਂ ਜਪਾਨੀ ਕੰਪਨੀ ਤੋਂ ਸਮੁੰਦਰੀ ਜਹਾਜ਼ ਕਿਰਾਏ ਉੱਤੇ ਲਿਆ, ਇਸ ਦਾ ਨਾਮ ‘ਗੁਰੂ ਨਾਨਕ ਜਹਾਜ਼’ ਰੱਖਿਆ ਅਤੇ ਕੈਨੇਡਾ ਦੇ ਉਸ ਸਮੇਂ ਦੇ ਨਸਲਵਾਦੀ ਕਾਨੂੰਨਾਂ ਨੂੰ ਚੁਣੌਤੀ ਦਿੱਤੀ। ਇਸ ਜਹਾਜ਼ ਦੇ 377 ਮੁਸਾਫ਼ਰਾਂ ਵਿੱਚੋਂ 341 ਸਿੱਖ ਸਨ।