ਸਰਕਾਰਾਂ ਨੇ ਹੜ੍ਹ ਪੀੜਤਾਂ ਦੀ ਨਹੀਂ ਲਈ ਸਾਰ: ਸੁਖਬੀਰ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਹਲਕਾ ਸ਼ੁਤਰਾਣਾ ਵਿੱਚ ਘੱਗਰ ਦਰਿਆ ਦੇ ਕਹਿਰ ਤੋਂ ਬਚਣ ਲਈ ਦਿਨ ਰਾਤ ਬੰਨ੍ਹ ਮਜ਼ਬੂਤ ਕਰ ਰਹੇ ਕਿਸਾਨਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਹੜ੍ਹ ਪੀੜਤਾਂ ਦੀ ਸਾਰ ਨਹੀਂ ਲੈ ਰਹੀ, ਲੋਕ ਆਪਣੇ ਪੱਲਿਓਂ ਪੈਸੇ ਖਰਚ ਕੇ ਹੜ੍ਹਾਂ ਤੋਂ ਬਚਾਅ ਲਈ ਜੁਟੇ ਹੋਏ ਹਨ। ਉਨ੍ਹਾਂ ਕਿਹਾ ਕਿ ਨਾਜਾਇਜ਼ ਮਾਈਨਿੰਗ ਕਾਰਨ ਦਰਿਆਵਾਂ ਦੇ ਬੰਨ੍ਹ ਨਾਜ਼ੁਕ ਹੋ ਗਏ ਜਿਸ ਦਾ ਖਮਿਆਜ਼ਾ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪਿਆ ਹੈ।
ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਪਿੰਡ ਮਤੋਲੀ ਕੋਲੋਂ ਲੰਘਦੇ ਜੰਮੂ-ਕੱਟੜਾ ਐਕਸਪ੍ਰੈੱਸਵੇਅ ਦੇ ਨਿਰਮਾਣ ਦੌਰਾਨ ਐਕਸਪ੍ਰੈੱਸਵੇਅ ਦੇ ਹੇਠੋਂ ਲੰਘਦੇ ਘੱਗਰ ਦਰਿਆ ਦੇ ਬੰਨ੍ਹਾਂ ਦੀ ਮਿੱਟੀ ਚੁੱਕ ਲਏ ਜਾਣ ਕਰਨ ਇਲਾਕੇ ਦੇ ਲੋਕਾਂ ਨੂੰ ਖਤਰਾ ਪੈਦਾ ਹੋ ਗਿਆ। ਇੱਕ ਮਹੀਨੇ ਤੋਂ ਕਿਸਾਨ ਯੂਨੀਅਨ (ਖੋਸਾ) ਦੇ ਆਗੂ ਧਰਨਾ ਦੇ ਰਹੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਘੱਗਰ ਦਰਿਆ ਦੇ ਪਾਣੀ ਦੇ ਵਹਾਅ ਅਤੇ ਬੰਨ੍ਹਾਂ ਦੀ ਮਜ਼ਬੂਤੀ ਦਾ ਜਾਇਜ਼ਾ ਲੈਂਦਿਆਂ ਕਿਸਾਨਾਂ ਨੂੰ 3 ਲੱਖ ਰੁਪਏ ਤੇ 9000 ਲਿਟਰ ਡੀਜ਼ਲ ਦਿੱਤਾ। ਇਸ ਮੌਕੇ ਐੱਨ ਕੇ ਸ਼ਰਮਾ, ਮੀਤ ਪ੍ਰਧਾਨ ਮਹਿੰਦਰ ਸਿੰਘ ਲਾਰਵਾ, ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਹਰਿਆਊ ਤੇ ਹਲਕਾ ਇੰਚਾਰਜ ਕਬੀਰ ਦਾਸ ਸਨ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਹੜ੍ਹਾਂ ਕਾਰਨ ਨਾਜ਼ੁਕ ਦੌਰ ’ਚੋਂ ਗੁਜ਼ਰ ਰਿਹਾ ਹੈ। ਪੰਜਾਬ ਨੂੰ ਹੜ੍ਹਾਂ ਤੋਂ ਬਚਾਉਣ ਵਿੱਚ ਜੁਟੇ ਪੰਜਾਬੀ ਸਰਕਾਰ ਤੋਂ ਆਸ ਛੱਡ ਕੇ ਖੁਦ ਬੰਨ੍ਹਾਂ ਨੂੰ ਮਜ਼ਬੂਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਟਰੈਕਟਰ, ਟਰਾਲੀਆਂ ਤੇ ਮਸ਼ੀਨਾਂ ਵਿੱਚ ਡੀਜ਼ਲ ਪਵਾਉਣ ਤੇ ਬੋਰੀਆਂ ਖਰੀਦਣ ਲਈ ਆਰਥਿਕ ਸਹਾਇਤਾ ਦੀ ਲੋੜ ਹੈ, ਉਹ ਕਰਨ ਲਈ ਤਿਆਰ ਹਨ।