ਸਰਕਾਰ ਦੀ ਜਾਅਲੀ ਵੋਟਾਂ ਰਾਹੀਂ ਚੋਣਾਂ ਜਿੱਤਣ ਦੀ ਸਾਜ਼ਿਸ਼: ਚੰਨੀ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪਿੰਡ ਕੋਟਲਾ ਨਿਹੰਗ ਵਿੱਚ ਕਾਂਗਰਸ ਦੇ ਬਲਾਕ ਸਮਿਤੀ ਉਮੀਦਵਾਰ ਨਰਿੰਦਰ ਸਿੰਘ ਸੋਨੂੰ ਸਾਬਕਾ ਸਰਪੰਚ ਕੋਟਲਾ ਨਿਹੰਗ ਅਤੇ ਜ਼ਿਲ੍ਹਾ ਪਰਿਸ਼ਦ ਉਮੀਦਵਾਰ ਬੀਬੀ ਰਣਵੀਰ ਕੌਰ ਮਾਵੀ ਦੇ ਹੱਕ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ...
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪਿੰਡ ਕੋਟਲਾ ਨਿਹੰਗ ਵਿੱਚ ਕਾਂਗਰਸ ਦੇ ਬਲਾਕ ਸਮਿਤੀ ਉਮੀਦਵਾਰ ਨਰਿੰਦਰ ਸਿੰਘ ਸੋਨੂੰ ਸਾਬਕਾ ਸਰਪੰਚ ਕੋਟਲਾ ਨਿਹੰਗ ਅਤੇ ਜ਼ਿਲ੍ਹਾ ਪਰਿਸ਼ਦ ਉਮੀਦਵਾਰ ਬੀਬੀ ਰਣਵੀਰ ਕੌਰ ਮਾਵੀ ਦੇ ਹੱਕ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ ਗਿਆ। ਕੋਟਲਾ ਨਿਹੰਗ ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੱਡੀ ਸਾਜ਼ਿਸ਼ ਰਚੀ ਜਾ ਰਹੀ ਹੈ ਅਤੇ ਚੋਣਾਂ ਜਿੱਤਣ ਲਈ ਹਰੇਕ ਬੂਥ ’ਤੇ ਮੋਹਰਾਂ ਲੱਗੀਆਂ ਲਗਪਗ 100-100 ਵੋਟਰ ਪਰਚੀਆਂ ਪਹੁੰਚਾ ਦਿੱਤੀਆਂ ਗਈਆਂ ਹਨ ਅਤੇ ਆਪ ਸਰਕਾਰ ਵੱਲੋਂ ਸਰਕਾਰੀ ਕਰਮਚਾਰੀਆਂ ਰਾਹੀਂ ਕਥਿਤ ਜਾਅਲੀ ਵੋਟਾਂ ਭੁਗਤਾ ਕੇ ਚੋਣਾਂ ਜਿੱਤਣ ਦੀ ਸਾਜ਼ਿਸ਼ ਰਚੀ ਗਈ ਹੈ।
ਸਾਬਕਾ ਮੁੱਖ ਮੰਤਰੀ ਨੇ ਸਰਕਾਰੀ ਕਰਮਚਾਰੀਆਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਅਜਿਹਾ ਕਰਨ ’ਤੇ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਨੂੰ ਹੀ ਨਤੀਜਾ ਭੁਗਤਣਾ ਪਵੇਗਾ। ਇਸ ਲਈ ਚੋਣਾਂ ਵਿੱਚ ਕਿਸੇ ਤਰ੍ਹਾਂ ਦੀ ਸਾਜ਼ਿਸ਼ ਅਤੇ ਹੇਰਾਫੇਰੀ ਨਾ ਕੀਤੀ ਜਾਵੇ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਿਛਲੇ ਚਾਰ ਸਾਲਾਂ ਤੋਂ ਪਿੰਡਾਂ ਵਿੱਚ ਗ੍ਰਾਂਟ ਨਾ ਦੇਣ ਕਾਰਨ ਵਿਕਾਸ ਕਾਰਜ ਰੁਕੇ ਹੋਏ ਹਨ। ਕਾਂਗਰਸ ਦੀ ਸਰਕਾਰ ਬਣਨ ’ਤੇ ਹਰ ਪਿੰਡ ਅਤੇ ਸ਼ਹਿਰ ਦਾ ਸਰਬ ਪੱਖੀ ਵਿਕਾਸ ਕੀਤਾ ਜਾਵੇਗਾ। ਇਸ ਮੌਕੇ ਜ਼ਿਲਾ ਕਾਂਗਰਸ ਕਮੇਟੀ ਰੋਪੜ ਦੇ ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਵਿਸਕੀ, ਸਾਬਕਾ ਚੇਅਰਮੈਨ ਨਰਿੰਦਰ ਸਿੰਘ ਮਾਵੀ, ਸਾਬਕਾ ਬਲਾਕ ਸਮਿਤੀ ਮੈਂਬਰ ਨਰਿੰਦਰ ਸਿੰਘ, ਸਾਬਕਾ ਕੌਂਸਲਰ ਨਿਰਮਲ ਸਿੰਘ ਨਿੰਮਾ, ਸੈਣੀ ਸਮਾਜ ਦੇ ਆਗੂ ਅਜਮੇਰ ਸਿੰਘ ਕੋਟਲਾ ਨਿਹੰਗ, ਸਾਬਕਾ ਥਾਣੇਦਾਰ ਨਛੱਤਰ ਸਿੰਘ, ਪ੍ਰਿੰਸੀਪਲ ਮਾਲੀ ਸਿੰਘ, ਬਲਜਿੰਦਰ ਸਿੰਘ ਟੋਨੀ, ਮਨਜਿੰਦਰ ਸਿੰਘ ਕਾਂਟੀ, ਲਖਬੀਰ ਸਿੰਘ ਲੱਖਾ, ਬਿਕਰਮਜੀਤ ਸਿੰਘ ਲਾਲੀ ਤੇ ਗੁਰਚਰਨ ਸਿੰਘ ਚੰਨੀ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

