1.17 ਕਰੋੜ ਦੇ ਬੋਲੀਦਾਤਾ ਦੀ ਜਾਂਚ ਕਰਵਾਏਗੀ ਸਰਕਾਰ
ਟਰਾਂਸਪੋਰਟ ਮੰਤਰੀ ਨੇ ਨਿਲਾਮੀ ਪ੍ਰਕਿਰਿਆ ਨਾਲ ਖੇਡਣ ਵਾਲੇ ਵਿਰੁੱਧ ਕਾਰਵਾੲੀ ਦੇ ਹੁਕਮ ਦਿੱਤੇ
ਹਰਿਆਣਾ ਦੇ ਟਰਾਂਸਪੋਰਟ ਮੰਤਰੀ ਅਨਿਲ ਵਿੱਜ ਨੇ ਕਿਹਾ ਹੈ ਕਿ ਚਰਖੀ ਦਾਦਰੀ ਦੇ ਬਾਢੜਾ ਉਪਮੰਡਲ ਵਿੱਚ ‘ਐੱਚ ਆਰ 88 ਬੀ 8888’ ਵੀ ਆਈ ਪੀ ਨੰਬਰ ਦੀ ਆਨਲਾਈਨ ਨਿਲਾਮੀ ਦੌਰਾਨ ਹਿਸਾਰ ਦੇ ਵਿਅਕਤੀ ਨੇ 1 ਕਰੋੜ 17 ਲੱਖ ਰੁਪਏ ਦੀ ਸਭ ਤੋਂ ਵੱਡੀ ਬੋਲੀ ਲਾਈ ਸੀ ਪਰ ਨਿਰਧਾਰਿਤ ਸਮੇਂ ਅੰਦਰ ਰਕਮ ਨਾ ਭਰਨ ਕਾਰਨ ਉਸ ਦੀ 11 ਹਜ਼ਾਰ ਰੁਪਏ ਦੀ ਪੇਸ਼ਗੀ ਰਕਮ ਜ਼ਬਤ ਹੋ ਗਈ। ਸ੍ਰੀ ਵਿੱਜ ਨੇ ਕਿਹਾ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ ਅਤੇ ਹੁਣ ਉਸ ਵਿਅਕਤੀ ਦੀ ਆਮਦਨ ਅਤੇ ਸੰਪਤੀ ਦੀ ਪੂਰੀ ਜਾਂਚ ਕੀਤੀ ਜਾਵੇਗੀ।
ਫੈਂਸੀ ਅਤੇ ਵੀ ਵੀ ਆਈ ਪੀ ਨੰਬਰਾਂ ਦੀ ਨਿਲਾਮੀ ਸਿਰਫ਼ ਮਾਣ ਨਹੀਂ, ਸੂਬੇ ਦੀ ਆਮਦਨੀ ਵਧਾਉਣ ਦਾ ਮਹੱਤਵਪੂਰਨ ਸਾਧਨ ਵੀ ਹੈ ਪਰ ਕਈ ਲੋਕ ਬਿਨਾਂ ਵਿੱਤੀ ਸਮਰੱਥਾ ਦੇ ਅਤੇ ਸ਼ੌਕ-ਸ਼ੌਕ ਵਿੱਚ ਵੱਡੀਆਂ ਬੋਲੀਆਂ ਲਾ ਕੇ ਨਿਲਾਮੀ ਪ੍ਰਕਿਰਿਆ ਨਾਲ ਖੇਡਦਾ ਹਨ,ਜੋ ਸਰਾਸਰ ਗਲਤ ਹੈ। ਮੰਤਰੀ ਨੇ ਸਪੱਸ਼ਟ ਕੀਤਾ ਕਿ ਨਿਲਾਮੀ ਵਿੱਚ ਬੋਲੀ ਲਾਉਣੀ ਸ਼ੌਕ ਨਹੀਂ ਬਲਕਿ ਜ਼ਿੰਮੇਵਾਰੀ ਹੁੰਦੀ ਹੈ। ਉਨ੍ਹਾਂ ਨੇ ਟਰਾਂਸਪੋਰਟ ਵਿਭਾਗ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਇਸ ਵਿਅਕਤੀ ਦੀ ਆਰਥਿਕ ਸਮਰੱਥਾ ਦੀ ਜਾਂਚ ਕਰਕੇ ਰਿਪੋਰਟ ਤਿਆਰ ਕੀਤੀ ਜਾਵੇ। ਇਸ ਤੋਂ ਇਲਾਵਾ ਆਮਦਨ ਕਰ ਵਿਭਾਗ ਨੂੰ ਵੀ ਲਿਖਤੀ ਰੂਪ ਵਿੱਚ ਇਸ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਜਾਵੇਗਾ ਤਾਂ ਜੋ ਭਵਿੱਖ ਵਿੱਚ ਕੋਈ ਵੀ ਵਿਅਕਤੀ ਝੂਠੇ ਦਾਅਵਿਆਂ ਜਾਂ ਬਿਨਾਂ ਯੋਗਤਾ ਦੇ ਨਿਲਾਮੀ ਵਿੱਚ ਹਿੱਸਾ ਨਾ ਲਏ।

