ਸਰਕਾਰ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਯਤਨਸ਼ੀਲ: ਅਰੋੜਾ
ਹਤਿੰਦਰ ਮਹਿਤਾ
ਜਲੰਧਰ, 22 ਫਰਵਰੀ
ਪੰਜਾਬੀ ਜਾਗ੍ਰਿਤੀ ਮੰਚ ਵੱਲੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪਸਾਰ ਲਈ ਪੰਜਾਬੀ ਜਾਗ੍ਰਿਤੀ ਮਾਰਚ ਕੱਢਿਆ ਗਿਆ। ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਮਾਰਚ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਮਾਰਚ ਨਕੋਦਰ ਰੋਡ ’ਤੇ ਸਥਿਤ ਲਾਇਲਪੁਰ ਖ਼ਾਲਸਾ ਸਕੂਲ ਤੋਂ ਸ਼ੁਰੂ ਹੋ ਕੇ ਵੱਖ-ਵੱਖ ਇਲਾਕਿਆਂ ’ਚੋਂ ਹੁੰਦਾ ਹੋਇਆ ਦੇਸ਼ ਭਗਤ ਯਾਦਗਰ ਹਾਲ ’ਚ ਸਮਾਪਤ ਹੋਇਆ। ਜਾਗ੍ਰਿਤੀ ਮਾਰਚ ਵਿੱਚ ਕੈਬਨਿਟ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਅਰੋੜਾ ਨੇ ਸਭ ਤੋਂ ਪਹਿਲਾਂ ਦੀਪਕ ਬਾਲੀ ਨੂੰ ਜਾਗ੍ਰਿਤੀ ਮਾਰਚ ਕੱਢਣ ਲਈ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੀ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਅਤੇ ਬੱਚਿਆਂ ਨੂੰ ਘਰ ਵਿੱਚ ਅਕਸਰ ਪੰਜਾਬੀ ਭਾਸ਼ਾ ਵਿੱਚ ਗੱਲ ਕਰਨੀ ਚਾਹੀਦੀ ਹੈ। ਮੰਚ ਦੇ ਸਕੱਤਰ ਤੇ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਦੇ ਸਲਾਹਕਾਰ ਦੀਪਕ ਬਾਲੀ ਮਾਰਚ ਦੀ ਅਗਵਾਈ ਕਰ ਰਹੇ ਸਨ। ਮੰਚ ਦੇ ਸਕੱਤਰ ਦੀਪਕ ਬਾਲੀ ਨੇ ਕਿਹਾ ਕਿ ਮਾਂ ਬੋਲੀ ਪੰਜਾਬੀ ਨੂੰ ਵੱਡੇ ਪੱਧਰ ’ਤੇ ਪ੍ਰਚਾਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵਿੱਦਿਅਕ ਅਦਾਰਿਆਂ ਵਿੱਚ ਵੀ ਪੰਜਾਬੀ ਭਾਸ਼ਾ ਲਾਜ਼ਮੀ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਵਿਧਾਇਕ ਰਮਨ ਅਰੋੜਾ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਪੰਜਾਬ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ, ਮੇਅਰ ਵਿਨੀਤ ਧੀਰ, ਡਿਪਟੀ ਮੇਅਰ ਮਲਕੀਤ ਸਿੰਘ, ’ਆਪ’ ਆਗੂ ਰਾਜਵਿੰਦਰ ਕੌਰ ਥਿਆੜਾ ਅਤੇ ਪਵਨ ਟੀਨੂੰ ਸਮੇਤ ਕਈ ਆਗੂ ਹਾਜ਼ਰ ਸਨ। ਇਸ ਤੋਂ ਇਲਾਵਾ ਗਾਇਕ ਗੁਰਨਾਮ ਭੁੱਲਰ, ਕਮਲ ਹੀਰ, ਜੈਜ਼ੀ ਬੀ, ਪ੍ਰੀਤ ਹਰਪਾਲ ਤੇ ਦਲਵਿੰਦਰ ਦਿਆਲਪੁਰੀ ਨੇ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਦਾ ਮਨੋਰੰਜਨ ਕੀਤਾ। ਮਾਰਚ ਵਿੱਚ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕੀਤੀ।