ਸਰਕਾਰ ਨੇ ਮਿੱਡ-ਡੇਅ ਮੀਲ ਸਟਾਫ਼ ਦਾ 16 ਲੱਖ ਰੁਪਏ ਦਾ ਬੀਮਾ ਕਵਰ ਕਰਵਾਇਆ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਜੂਨ
ਪੰਜਾਬ ਸਰਕਾਰ ਨੇ ਮਿੱਡ-ਡੇਅ ਮੀਲ ਸਟਾਫ਼ ਦਾ 16 ਲੱਖ ਰੁਪਏ ਦਾ ਬੀਮਾ ਕਰਵਾਇਆ ਹੈ। ਇਸ ਲਈ ਸਕੂਲ ਸਿੱਖਿਆ ਵਿਭਾਗ ਨੇ ਕੇਨਰਾ ਬੈਂਕ ਨਾਲ ਭਾਈਵਾਲੀ ਕਰਦਿਆਂ ਸਰਕਾਰੀ ਸਕੂਲਾਂ ਵਿੱਚ ਕੰਮ ਕਰਦੇ 44,301 ਮਿਡ-ਡੇਅ ਮੀਲ ਕੁੱਕ-ਕਮ-ਹੈਲਪਰਾਂ ਲਈ ਵਿਆਪਕ ਬੀਮਾ ਯੋਜਨਾ ਸ਼ੁਰੂ ਕੀਤੀ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਸਕੱਤਰ ਸਕੂਲ ਸਿੱਖਿਆ ਸ੍ਰੀਮਤੀ ਅਨਿੰਦਿਤਾ ਮਿੱਤਰਾ ਦੀ ਮੌਜੂਦਗੀ ਵਿੱਚ ਅੱਜ ਇੱਥੇ ਡਾਇਰੈਕਟੋਰੇਟ ਆਫ਼ ਐਲੀਮੈਂਟਰੀ ਐਜੂਕੇਸ਼ਨ (ਮਿਡ-ਡੇਅ ਮੀਲ) ਅਤੇ ਕੇਨਰਾ ਬੈਂਕ ਚੰਡੀਗੜ੍ਹ ਵਿਚਾਲੇ ਇਹ ਸਮਝੌਤਾ ਕੀਤਾ ਗਿਆ ਹੈ। ਸ੍ਰੀ ਬੈਂਸ ਨੇ ਕਿਹਾ ਕਿ ਬੀਮੇ ਦੌਰਾਨ ਕੁਦਰਤੀ ਕਾਰਨਾਂ ਕਰਕੇ ਮੌਤ ਹੋਣ ’ਤੇ 1 ਲੱਖ ਰੁਪਏ ਦਾ ਮਿਆਦੀ ਬੀਮਾ, ਦੁਰਘਟਨਾ ਵਿੱਚ ਮੌਤ ਹੋਣ ’ਤੇ 16 ਲੱਖ ਰੁਪਏ ਅਤੇ 18 ਲੱਖ ਰੁਪਏ ਦਾ ਹਵਾਈ ਦੁਰਘਟਨਾ ਕਵਰ ਸ਼ਾਮਲ ਹੈ।
ਇਹ ਯੋਜਨਾ ਜ਼ੀਰੋ ਬੈਲੇਂਸ ਦੀ ਸ਼ਰਤ ਤੋਂ ਬਿਨਾਂ ਮੁਸ਼ਕਲ ਰਹਿਤ ਬੈਂਕਿੰਗ, ਖਾਤਾ ਧਾਰਕਾਂ ਲਈ ਸੌਖ ਅਤੇ ਸਹੂਲਤ ਨੂੰ ਯਕੀਨੀ ਬਣਾਉਣ ਲਈ 10,000 ਰੁਪਏ ਤੱਕ ਦੀ ਤੁਰੰਤ ਓਵਰਡਰਾਫਟ ਦੀ ਸਹੂਲਤ ਜਾਂ ਪਿਛਲੇ ਮਹੀਨੇ ਦੀ ਕੁੱਲ ਤਨਖਾਹ ਦਾ 50 ਫ਼ੀਸਦੀ ਦੇਣ, ਵਰਗੇ ਲਾਭ ਵੀ ਪ੍ਰਦਾਨ ਕਰਦੀ ਹੈ। ਸ੍ਰੀ ਬੈਂਸ ਨੇ ਕਿਹਾ ਕਿ ਇਹ ਪਹਿਲਕਦਮੀ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਕੁੱਕ-ਕਮ-ਹੈਲਪਰਾਂ ਲਈ ਵਿੱਤੀ ਸਮਾਵੇਸ਼ ਅਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ ਅਹਿਮ ਸਿੱਧ ਹੋਵੇਗੀ।