ਪੰਜਾਬ ’ਚ ਝੋਨੇ ਦੀ ਸਰਕਾਰੀ ਖ਼ਰੀਦ ਅੱਜ ਤੋਂ
ਪੰਜਾਬ ’ਚ ਝੋਨੇ ਦੀ ਸਰਕਾਰੀ ਖ਼ਰੀਦ ਮੰਗਲਵਾਰ ਤੋਂ ਸ਼ੁਰੂ ਹੋਵੇਗੀ। ਹੜ੍ਹਾਂ ਦੀ ਮਾਰ ਦੌਰਾਨ ਪਹਿਲੀ ਵਾਰ ਝੋਨੇ ਦੀ ਅਗੇਤੀ ਖ਼ਰੀਦ ਸ਼ੁਰੂ ਹੋ ਰਹੀ ਹੈ। ਸੂਬਾ ਸਰਕਾਰ ਵੱਲੋਂ ਪਹੁੰਚ ਕਰਨ ਮਗਰੋਂ ਕੇਂਦਰ ਸਰਕਾਰ ਨੇ ਅਗੇਤੀ ਖ਼ਰੀਦ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਸੂਬੇ ਦੇ ਖ਼ਰੀਦ ਕੇਂਦਰਾਂ ’ਚ ਬਾਸਮਤੀ ਪਹਿਲਾਂ ਹੀ ਪੁੱਜਣੀ ਸ਼ੁਰੂ ਹੋ ਗਈ ਹੈ। ਝੋਨੇ ਦੀ ਸਰਕਾਰੀ ਖ਼ਰੀਦ ਨੂੰ ਲੈ ਕੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਆਉਂਦੇ ਦਿਨਾਂ ’ਚ ਮੁੱਖ ਮੰਤਰੀ ਭਗਵੰਤ ਮਾਨ ਕਿਸੇ ਨਾ ਕਿਸੇ ਖ਼ਰੀਦ ਕੇਂਦਰ ਦਾ ਦੌਰਾ ਕਰ ਸਕਦੇ ਹਨ। ਮੁੱਖ ਮੰਤਰੀ ਨੇ ਅੱਜ ਇੱਥੇ ਕਿਹਾ ਕਿ ਝੋਨੇ ਦੀ ਖ਼ਰੀਦ ’ਤੇ ਕਿਸੇ ਤਰ੍ਹਾਂ ਦਾ ਕੋਈ ਕੱਟ ਨਹੀਂ ਲੱਗਣ ਦਿੱਤਾ ਜਾਵੇਗਾ।
ਵੇਰਵਿਆਂ ਅਨੁਸਾਰ ਪੰਜਾਬ ਭਰ ’ਚ 1822 ਖ਼ਰੀਦ ਕੇਂਦਰ ਬਣਾਏ ਗਏ ਹਨ। ਬੇਸ਼ੱਕ ਭਲਕੇ ਸਰਕਾਰੀ ਖ਼ਰੀਦ ਰਸਮੀ ਤੌਰ ’ਤੇ ਸ਼ੁਰੂ ਹੋ ਜਾਵੇਗੀ ਪ੍ਰੰਤੂ ਇਸ ਵਾਰ ਹੜ੍ਹ ਅਤੇ ਮੀਂਹ ਪੈਣ ਕਰਕੇ ਝੋਨੇ ਦੀ ਫ਼ਸਲ ’ਚ ਨਮੀ ਦਾ ਮੁੱਦਾ ਰਹੇਗਾ। ਫ਼ਸਲ ’ਚ ਨਮੀ ਸਰਕਾਰ ਲਈ ਮੁੱਖ ਚੁਣੌਤੀ ਵੀ ਰਹੇਗੀ। ਮੰਡੀਆਂ ’ਚ ਫ਼ਸਲ ਦੀ ਆਮਦ ਪੱਛੜਨ ਦੀ ਸੰਭਾਵਨਾ ਹੈ। ਐਤਕੀਂ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਬਣਾਏ ਗਏ ਖ਼ਰੀਦ ਕੇਂਦਰਾਂ ਦੀ ਸਫ਼ਾਈ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਪੰਜਾਬ ਮੰਡੀ ਬੋਰਡ ਦੇ ਸਕੱਤਰ ਰਾਮਵੀਰ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਖ਼ਰੀਦ ਕੇਂਦਰਾਂ ’ਚ ਕਿਤੇ ਕੋਈ ਬਹੁਤੀ ਦਿੱਕਤ ਨਹੀਂ ਹੈ ਅਤੇ ਜਿੱਥੇ ਕਿਤੇ ਪਾਣੀ ਵਗ਼ੈਰਾ ਦੀ ਸਮੱਸਿਆ ਸੀ, ਉਸ ਦੀ ਸਾਫ਼-ਸਫ਼ਾਈ ਕਰਵਾ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਮੰਡੀ ਬੋਰਡ ਵੱਲੋਂ ਖ਼ਰੀਦ ਕੇਂਦਰਾਂ ’ਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਐਤਕੀਂ 175 ਤੋਂ 180 ਲੱਖ ਟਨ ਝੋਨੇ ਦੀ ਖ਼ਰੀਦ ਦਾ ਟੀਚਾ ਤੈਅ ਕੀਤਾ ਗਿਆ ਹੈ।
ਖੁਰਾਕ ਤੇ ਸਪਲਾਈਜ਼ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ ਨੇ ਅੱਜ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਖ਼ਰੀਦ ਪ੍ਰਬੰਧਾਂ ਨੂੰ ਲੈ ਕੇ ਵਰਚੁਅਲੀ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਬੇਸ਼ੱਕ ਹੜ੍ਹਾਂ ਕਾਰਨ ਨੁਕਸਾਨ ਹੋਇਆ ਹੈ ਪ੍ਰੰਤੂ ਇਸ ਵਾਰ ਝੋਨੇ ਦਾ ਝਾੜ ਚੰਗਾ ਰਹਿਣ ਦੀ ਉਮੀਦ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀ ’ਚ ਸੁੱਕੀ ਫ਼ਸਲ ਲੈ ਕੇ ਆਉਣ। ਵੇਰਵਿਆਂ ਅਨੁਸਾਰ ਪੰਜਾਬ ’ਚ ਬਾਸਮਤੀ ਦੀ ਖ਼ਰੀਦ ਤਾਂ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਅਤੇ ਪ੍ਰਾਈਵੇਟ ਵਪਾਰੀ ਕਰੀਬ ਅੱਠ ਜ਼ਿਲ੍ਹਿਆਂ ’ਚ ਬਾਸਮਤੀ ਦੀ ਖ਼ਰੀਦ ਦਾ ਮਹੂਰਤ ਕਰ ਚੁੱਕੇ ਹਨ। ਹੁਣ ਤੱਕ 32,210 ਟਨ ਬਾਸਮਤੀ ਦੀ ਖ਼ਰੀਦ ਹੋਈ ਹੈ। ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਪਟਿਆਲਾ, ਲੁਧਿਆਣਾ, ਮਾਨਸਾ, ਬਰਨਾਲਾ ਅਤੇ ਸ਼ਹੀਦ ਭਗਤ ਸਿੰਘ ਨਗਰ ਦੀਆਂ ਕੁੱਝ ਮੰਡੀਆਂ ’ਚ ਬਾਸਮਤੀ ਦੀ ਖ਼ਰੀਦ ਸ਼ੁਰੂ ਹੋ ਚੁੱਕੀ ਹੈ। ਹਰ ਸਾਲ ਪੰਜਾਬ ’ਚ ਪਹਿਲੀ ਅਕਤੂਬਰ ਤੋਂ ਝੋਨੇ ਦੀ ਖ਼ਰੀਦ ਸ਼ੁਰੂ ਹੁੰਦੀ ਹੈ ਪ੍ਰੰਤੂ ਇਸ ਵਾਰ 15 ਦਿਨ ਅਗੇਤੀ ਖ਼ਰੀਦ ਸ਼ੁਰੂ ਹੋ ਰਹੀ ਹੈ। ਮਾਝੇ ਅਤੇ ਦੁਆਬੇ ’ਚ ਝੋਨੇ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਕਰੀਬ ਪੰਜ ਲੱਖ ਏਕੜ ਫ਼ਸਲ ਸਮੁੱਚੇ ਸੂਬੇ ’ਚ ਨੁਕਸਾਨੀ ਗਈ ਹੈ।
ਜਾਣਕਾਰੀ ਅਨੁਸਾਰ ਸੂਬਾ ਸਰਕਾਰ ਨੇ ਹੜ੍ਹਾਂ ਕਾਰਨ ਇਸ ਵਾਰ ਚੌਲ ਮਿੱਲਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਵੀ ਨਹੀਂ ਕੀਤੀ ਹੈ ਜੋ ਹਰ ਸਾਲ ਦੀ ਪ੍ਰੈਕਟਿਸ ਰਹੀ ਹੈ। ਪੰਜਾਬ ’ਚ ਐਤਕੀਂ ਅਨਾਜ ਭੰਡਾਰਨ ਦੀ ਸਮੱਸਿਆ ਮੁੜ ਖੜ੍ਹੀ ਹੋ ਸਕਦੀ ਹੈ। ਸਰਕਾਰ ਨੇ ਕੇਂਦਰ ਤੋਂ ਚੌਲਾਂ ਦੀ ਮੂਵਮੈਂਟ ਲਈ ਹਰ ਮਹੀਨੇ 10 ਟਰੇਨਾਂ ਦੀ ਮੰਗ ਕੀਤੀ ਸੀ ਪ੍ਰੰਤੂ ਇਸ ਵੇਲੇ ਪੰਜਾਬ ਨੂੰ ਪ੍ਰਤੀ ਮਹੀਨਾ ਤਿੰਨ-ਚਾਰ ਟਰੇਨਾਂ ਹੀ ਮਿਲ ਰਹੀਆਂ ਹਨ। ਸੂਬੇ ’ਚ ਗੁਦਾਮ ਅਨਾਜ ਨਾਲ ਨੱਕੋ-ਨੱਕ ਭਰੇ ਪਏ ਹਨ। ਜਦੋਂ ਆਉਂਦੇ ਤਿੰਨ-ਚਾਰ ਮਹੀਨਿਆਂ ਬਾਅਦ ਚੌਲਾਂ ਨੂੰ ਭੰਡਾਰ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ ਤਾਂ ਉਸ ਸਮੇਂ ਮੁਸ਼ਕਲਾਂ ’ਚ ਵਾਧਾ ਹੋ ਸਕਦਾ ਹੈ।
ਫ਼ਸਲ ਵੇਚਣ ਮੌਕੇ ਖਿੱਚੀ ਜਾਵੇਗੀ ਕਿਸਾਨ ਦੀ ਫ਼ੋਟੋ
ਪੰਜਾਬ ’ਚ ਇਸ ਵਾਰ ਫ਼ਸਲ ਵੇਚਣ ਵਾਲੇ ਹਰ ਕਿਸਾਨ ਦੀ ਬੋਲੀ ਮੌਕੇ ਫ਼ੋਟੋ ਖਿੱਚੀ ਜਾਵੇਗੀ। ਕੇਂਦਰ ਸਰਕਾਰ ਵੱਲੋਂ ਇੱਕ ਨਵੀਂ ਐਪ ਬਣਾਈ ਗਈ ਹੈ ਜਿਸ ’ਚ ਹਰ ਕਿਸਾਨ ਜਾਂ ਉਸ ਦੇ ਨੁਮਾਇੰਦੇ ਦੀ ਬੋਲੀ ਸਮੇਂ ਫ਼ੋਟੋ ਅਪਲੋਡ ਕਰਨਾ ਲਾਜ਼ਮੀ ਹੋਵੇਗਾ। ਪੰਜਾਬ ਮੰਡੀ ਬੋਰਡ ਦੇ ਸਟਾਫ਼ ਨੂੰ ਇਸ ਬਾਰੇ ਤਕਨੀਕੀ ਸਿਖਲਾਈ ਵੀ ਦਿੱਤੀ ਜਾ ਚੁੱਕੀ ਹੈ। ਅਧਿਕਾਰੀਆਂ ਮੁਤਾਬਕ ਝੋਨੇ ਦੀ ਬੋਗਸ ਖ਼ਰੀਦ ਰੋਕਣ ਲਈ ਕੇਂਦਰ ਸਰਕਾਰ ਨੇ ਇਹ ਨਵਾਂ ਤਕਨੀਕੀ ਕਦਮ ਚੁੱਕਿਆ ਹੈ।