ਕਿਲੋਮੀਟਰ ਸਕੀਮ ਵਿਰੁੱਧ ਸਰਕਾਰੀ ਲਾਰੀਆਂ ਦਾ ਚੱਕਾ ਜਾਮ
ਮੁਲਾਜ਼ਮਾਂ ਵੱਲੋਂ ਆਗਾਮੀ 25 ਤੇ 26 ਨੂੰ ਤਰਨ ਤਾਰਨ ’ਚ ਸਰਕਾਰ ਖ਼ਿਲਾਫ਼ ਪ੍ਰਚਾਰ ਕਰਨ ਦਾ ਐਲਾਨ
ਪੰਜਾਬ ਰੋਡਵੇਜ਼ ਪਨਬਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਅੱਜ ਆਪਣੀਆਂ ਮੰਗਾਂ ਮੰਨਵਾਉਣ ਲਈ ਪੰਜਾਬ ਵਿੱਚ ਚਾਰ ਘੰਟੇ ਸਰਕਾਰੀ ਲਾਰੀਆਂ ਦਾ ਚੱਕਾ ਜਾਮ ਕੀਤਾ ਗਿਆ। ਇਸ ਦੌਰਾਨ ਮੁਸਾਫਿਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬੱਸ ਕਾਮਿਆਂ ਨੇ ਸਰਕਾਰ ਦੀ ਕਿਲੋਮੀਟਰ ਸਕੀਮ ਦਾ ਵਿਰੋਧ ਕੀਤਾ। ਪ੍ਰਦਰਸ਼ਨਕਾਰੀਆਂ ਨੇ ਪਟਿਆਲਾ ਸਣੇ ਹੋਰ ਬੱਸ ਅੱਡਿਆਂ ਦੀ ਤਾਲ਼ਾਬੰਦੀ ਕਰ ਦਿੱਤੀ, ਜਿਸ ਕਾਰਨ ਬੱੱਸਾਂ ਨੂੰ ਨਾ ਅੰਦਰ ਜਾਣ ਦਿੱਤਾ ਗਿਆ ਤੇ ਨਾ ਬਾਹਰ ਆਉਣ ਦਿੱਤਾ ਗਿਆ। ਬੱਸ ਕਾਮਿਆਂ ਨੇ ਗੇਟ ਰੈਲੀਆਂ ਕਰ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ, ਜਿਸ ਕਾਰਨ ਪੰਜਾਬ ’ਚ ਦਰਜਨਾਂ ਥਾਵਾਂ ’ਤੇ ਟਰੈਫਿਕ ਜਾਮ ਰਿਹਾ ਅਤੇ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਲੱਗ ਗਈਆਂ। ਇਸ ਦੌਰਾਨ ਲੋਕ ਲੰਮਾ ਸਮਾਂ ਜਾਮ ’ਚ ਫਸੇ ਰਹੇ। ਬੱਸ ਕਾਮਿਆਂ ਨੇ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਕਿਲੋਮੀਟਰ ਸਕੀਮ ਤਹਿਤ ਬੱਸਾਂ ਦਾ ਟੈਂਡਰ ਰੱਦ ਨਾ ਕੀਤਾ ਜਾਂ ਦੁਬਾਰਾ ਟੈਂਡਰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਤੁਰੰਤ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਆਗਾਮੀ 25 ਤੇ 26 ਅਕਤੂਬਰ ਨੂੰ ਤਰਨ ਤਾਰਨ ਹਲਕੇ ਵਿੱਚ ਜ਼ਿਮਨੀ ਚੋਣ ਦੌਰਾਨ ਸਰਕਾਰ ਦੀਆਂ ਮਾਰੂ ਨੀਤੀਆਂ ਵਿਰੁੱਧ ਪ੍ਰਚਾਰ ਕੀਤਾ ਜਾਵੇਗਾ। ਜਥੇਬੰਦੀ ਦੇ ਸੂਬਾਈ ਬੁਲਾਰੇ ਹਰਕੇਸ਼ ਵਿੱਕੀ ਨੇ ਦੱਸਿਆ ਕਿ ਸਰਕਾਰ ਵੱਲੋਂ 4 ਸਾਲਾਂ ਵਿੱਚ ਟਰਾਂਸਪੋਰਟ ਵਿਭਾਗ ਦਾ ਕੋਈ ਵੀ ਮੁਲਾਜ਼ਮ ਪੱਕਾ ਨਹੀਂ ਕੀਤਾ ਗਿਆ। ਹਰ ਮਹੀਨੇ ਤਨਖਾਹਾਂ ਦੇਰ ਨਾਲ਼ ਪਾਈਆਂ ਜਾਂਦੀਆਂ ਹਨ। ਟਰਾਂਸਪੋਰਟ ਵਿਭਾਗ ਵਿੱਚ ਨਵੇਂ-ਨਵੇਂ ਠੇਕੇਦਾਰ ਲਿਆਂਦੇ ਜਾ ਰਹੇ ਹਨ ਤੇ ਮੁਲਾਜ਼ਮਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਕਿਲੋਮੀਟਰ ਸਕੀਮ ਤਹਿਤ ਪ੍ਰਾਈਵੇਟ ਮਾਲਕਾਂ ਦੀਆਂ ਬੱਸਾਂ ਨੂੰ ਸਰਕਾਰੀ ਪਰਮਿਟਾਂ ’ਤੇ ਚਲਾ ਕੇ ਕਰੋੜਾਂ ਰੁਪਏ ਦੀ ਲੁੱਟ ਕੀਤੀ ਜਾ ਰਹੀ ਹੈ।