‘ਰੰਗਲਾ ਪੰਜਾਬ’ ਨਾਂ ’ਤੇ ਫ਼ਿਰੌਤੀ ਵਸੂਲ ਰਹੀ ਹੈ ਸਰਕਾਰ: ਸ਼ਰਮਾ
ਭਾਜਪਾ ਵੱਲੋਂ ਹਡ਼੍ਹ ਪੀਡ਼ਤਾਂ ਨੂੰ 15 ਦਿਨਾਂ ’ਚ ਮੁਆਵਜ਼ਾ ਦੇਣ ਦੀ ਮੰਗ
ਪੰਜਾਬ ਭਾਜਪਾ ਨੇ ਸੂਬਾ ਸਰਕਾਰ ’ਤੇ ਹੜ੍ਹ ਪੀੜਤਾਂ ਤੇ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਗਾਇਆ ਹੈ। ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਇਥੇ ਪਾਰਟੀ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਕਰਨ ਦੀ ਥਾਂ ਵੱਡੇ-ਵੱਡੇ ਉਦਯੋਗਪਤੀਆਂ ਤੋਂ ‘ਰੰਗਲਾ ਪੰਜਾਬ’ ਫੰਡਾਂ ਦੇ ਨਾਮ ’ਤੇ ਕਥਿਤ ਫ਼ਿਰੌਤੀ ਲਈ ਜਾ ਰਹੀ ਹੈ। ਇਸ ਲਈ ਪੰਜਾਬ ਸਰਕਾਰ ਵੱਲੋਂ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਦੀ ਡਿਊਟੀਆਂ ਲਗਾਈਆਂ ਗਈਆਂ ਹਨ। ਉਦਯੋਗਪਤੀਆਂ ਤੋਂ ਕਥਿਤ ਜਬਰੀ ਰੁਪਏ ਲਏ ਜਾ ਰਹੇ ਹਨ। ਸਰਕਾਰ ਨੇ ਹੁਣ ਤੱਕ ‘ਰੰਗਲਾ ਪੰਜਾਬ’ ਫੰਡਾਂ ਵਿੱਚੋਂ ਇੱਕ ਵੀ ਰੁਪਇਆ ਹੜ੍ਹ ਪੀੜਤਾਂ ਦੀ ਮਦਦ ਲਈ ਖ਼ਰਚ ਨਹੀਂ ਕੀਤਾ।
ਸੁਭਾਸ਼ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 12 ਸਤੰਬਰ ਨੂੰ ਹੜ੍ਹ ਪੀੜਤ ਲੋਕਾਂ ਨੂੰ 45 ਦਿਨਾਂ ਵਿੱਚ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ, ਜੋ ਅੱਜ ਤੱਕ ਜਾਰੀ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਹੜ੍ਹ ਪੀੜਤ ਕਿਸਾਨਾਂ ਨੂੰ 20,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਣ ਦਾ ਵਾਅਦਾ ਕੀਤਾ ਗਿਆ ਸੀ ਜਦੋਂਕਿ ਹਾਲੇ ਤੱਕ ਜ਼ਿਆਦਾਤਰ ਹਿੱਸਿਆ ਵਿੱਚ ਗਿਰਦਾਵਰੀਆਂ ਵੀ ਸ਼ੁਰੂ ਨਹੀਂ ਹੋਈਆਂ ਹਨ। ਇਸ ਤੋਂ ਇਲਾਵਾ ਹੜ੍ਹ ਪੀੜਤ ਇਲਾਕਿਆਂ ਵਿੱਚ ਜਿਨ੍ਹਾਂ ਲੋਕਾਂ ਦੇ ਘਰ ਤਬਾਹ ਹੋ ਗਏ ਹਨ, ਉਨ੍ਹਾਂ ਵੱਲ ਵੀ ਕਿਸੇ ਵੱਲੋਂ ਧਿਆਨ ਨਹੀਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹੜ੍ਹ ਪੀੜਤ ਲੋਕ ਰਾਹਤ ਲਈ ਸੂਬਾ ਸਰਕਾਰ ਵੱਲ ਦੇਖ ਰਹੇ ਹਨ, ਪਰ ਸੂਬਾ ਸਰਕਾਰ ਲੋਕਾਂ ਨੂੰ ਰੱਬ ਆਸਰੇ ਛੱਡ ਕੇ ਜ਼ਿਮਨੀ ਚੋਣਾਂ ਵਿੱਚ ਲੱਗੀ ਹੋਈ ਹੈ।
ਭਾਜਪਾ ਆਗੂਆਂ ਨੇ ਸੂਬਾ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਪੰਜਾਬ ਸਰਕਾਰ ਵੱਲੋਂ 15 ਦਿਨਾਂ ਵਿੱਚ ਸੂਬੇ ਦੇ ਹੜ੍ਹ ਪੀੜਤਾਂ ਨੂੰ ਬਣਦਾ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਭਾਜਪਾ ਵੱਲੋਂ ਮੁੱਖ ਮੰਤਰੀ ਸਣੇ ਸਾਰੇ ਮੰਤਰੀਆਂ ਦੇ ਘਰਾਂ ਅੱਗੇ ਪ੍ਰਦਰਸ਼ਨ ਕੀਤੇ ਜਾਣਗੇ।
‘ਆਪ’ ਵੱਲੋਂ ਕੇਂਦਰ ਤੋਂ 1600 ਕਰੋੜ ਜਾਰੀ ਕਰਨ ਦੀ ਮੰਗ
‘ਆਪ’ ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਕੇਂਦਰ ਸਰਕਾਰ ’ਤੇ ਹੜ੍ਹ ਪ੍ਰਭਾਵਿਤ ਪੰਜਾਬ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨੌਂ ਸਤੰਬਰ ਨੂੰ ਪੰਜਾਬ ਦੌਰੇ ਦੌਰਾਨ 1600 ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ ਜਿਸ ਵਿੱਚੋਂ ਇਕ ਵੀ ਰੁਪਇਆ ਪੰਜਾਬ ਕੋਲ ਨਹੀਂ ਪਹੁੰਚਿਆ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਵੱਲੋਂ ਐਲਾਨੇ ਗਏ 1600 ਕਰੋੜ ਰੁਪਏ ਦੇ ਰਾਹਤ ਪੈਕੇਜ ਨੂੰ ਤੁਰੰਤ ਜਾਰੀ ਕੀਤਾ ਜਾਵੇ।

