ਸਰਕਾਰ ਨੇ ਟਿੱਬੀ ਏਥਾਨੌਲ ਪਲਾਂਟ ਦਾ ਨਿਰਮਾਣ ਰੋਕਿਆ
ਹਨੂੰਮਾਨਗੜ੍ਹ ਦੀ ਰਥੀਖੇੜਾ ਗ੍ਰਾਮ ਪੰਚਾਇਤ ਵਿੱਚ ਪ੍ਰਸਤਾਵਿਤ 40 ਮੈਗਾਵਾਟ ਡਿਊਨ ਏਥਾਨੌਲ ਪਲਾਂਟ ਦੇ ਵਿਰੁੱਧ ਕਿਸਾਨਾਂ ਅਤੇ ਪਿੰਡ ਵਾਸੀਆਂ ਦੇ ਲੰਬੇ ਸਮੇਂ ਤੋਂ ਚੱਲ ਰਹੇ ਅੰਦੋਲਨ ਵਿੱਚ ਕੱਲ੍ਹ ਦੇਰ ਰਾਤ ਇੱਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਲਗਪਗ 450 ਕਰੋੜ ਰੁਪਏ ਦੀ...
ਹਨੂੰਮਾਨਗੜ੍ਹ ਦੀ ਰਥੀਖੇੜਾ ਗ੍ਰਾਮ ਪੰਚਾਇਤ ਵਿੱਚ ਪ੍ਰਸਤਾਵਿਤ 40 ਮੈਗਾਵਾਟ ਡਿਊਨ ਏਥਾਨੌਲ ਪਲਾਂਟ ਦੇ ਵਿਰੁੱਧ ਕਿਸਾਨਾਂ ਅਤੇ ਪਿੰਡ ਵਾਸੀਆਂ ਦੇ ਲੰਬੇ ਸਮੇਂ ਤੋਂ ਚੱਲ ਰਹੇ ਅੰਦੋਲਨ ਵਿੱਚ ਕੱਲ੍ਹ ਦੇਰ ਰਾਤ ਇੱਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਲਗਪਗ 450 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਵਾਲੇ ਇਸ ਪਲਾਂਟ ਦਾ ਨਿਰਮਾਣ ਕਾਰਜ ਅਸਥਾਈ ਤੌਰ ’ਤੇ ਰੋਕ ਦਿੱਤਾ ਗਿਆ ਹੈ। ਜ਼ਿਲ੍ਹਾ ਕੁਲੈਕਟਰ ਦਫ਼ਤਰ ਦੇ ਆਡੀਟੋਰੀਅਮ ਵਿੱਚ ਹੋਈ ਇੱਕ ਉੱਚ-ਪੱਧਰੀ ਮੀਟਿੰਗ ਵਿੱਚ ਸਰਕਾਰ ਨੇ ਪਲਾਂਟ ਦੀ ਵਾਤਾਵਰਣਕ ਵਿਹਾਰਕਤਾ (environmental viability) ਬਾਰੇ ਉੱਚ-ਪੱਧਰੀ ਜਾਂਚ ਕਰਵਾਉਣ ਦਾ ਫੈਸਲਾ ਕੀਤਾ ਹੈ।
ਮਹਾਪੰਚਾਇਤ ਦੌਰਾਨ ਲਾਠੀਚਾਰਜ ਵਿੱਚ ਸੰਗਰੀਆ ਦੇ ਵਿਧਾਇਕ ਅਤੇ ਸੂਬਾ ਯੂਥ ਕਾਂਗਰਸ ਪ੍ਰਧਾਨ ਸਮੇਤ ਦਰਜਨਾਂ ਹੋਰ ਪ੍ਰਦਰਸ਼ਨਕਾਰੀਆਂ ਦੇ ਜ਼ਖਮੀ ਹੋਣ ਦੇ ਇੱਕ ਦਿਨ ਬਾਅਦ, ਸੰਸਦ ਮੈਂਬਰ ਕੁਲਦੀਪ ਇੰਦੌਰਾ ਨੇ ਲੋਕ ਸਭਾ ਵਿੱਚ ਇਹ ਮੁੱਦਾ ਉਠਾਇਆ ਅਤੇ ਸਮੀਖਿਆ ਦੀ ਮੰਗ ਕੀਤੀ।
ਇਸ ਪਲਾਂਟ ਵਿਰੁੱਧ ਪਿਛਲੇ ਸਾਲ ਤੋਂ ਅੰਦੋਲਨ ਚੱਲ ਰਿਹਾ ਸੀ। ਪਿਛਲੀ ਕਾਂਗਰਸ ਸਰਕਾਰ ਨੇ ਪਲਾਂਟ ਸਥਾਪਤ ਕਰਨ ਲਈ ਇੱਕ ਨਿੱਜੀ ਕੰਪਨੀ ਨਾਲ ਸਮਝੌਤਾ (MoU) ਕੀਤਾ ਸੀ। 2023 ਵਿੱਚ ਜ਼ਮੀਨ ਤਬਦੀਲ ਕਰਨ ਦਾ ਕੰਮ ਪੂਰਾ ਹੋ ਗਿਆ ਸੀ, ਪਰ ਜਿਵੇਂ ਹੀ 2024 ਵਿੱਚ ਨਿਰਮਾਣ ਸ਼ੁਰੂ ਹੋਇਆ ਸਥਾਨਕ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।
19 ਨਵੰਬਰ ਨੂੰ ਸਵੇਰੇ ਇੱਕ ਵੱਡੀ ਪੁਲੀਸ ਟੀਮ ਨੇ ਪ੍ਰਦਰਸ਼ਨ ਵਾਲੀ ਥਾਂ ਨੂੰ ਘੇਰ ਲਿਆ ਸੀ, ਪ੍ਰਦਰਸ਼ਨਕਾਰੀਆਂ ਨੂੰ ਹਟਾ ਦਿੱਤਾ ਗਿਆ ਅਤੇ ਉਨ੍ਹਾਂ ਦੇ ਤੰਬੂਆਂ ਨੂੰ ਉਖਾੜ ਦਿੱਤਾ ਗਿਆ ਸੀ। ਇਸ ਉਪਰੰਤ 10 ਦਸੰਬਰ ਨੂੰ ਹਜ਼ਾਰਾਂ ਕਿਸਾਨ ਟਿੱਬੀ ਵਿੱਚ ਇੱਕ ਮਹਾਪੰਚਾਇਤ ਵਿੱਚ ਇਕੱਠੇ ਹੋਏ ਅਤੇ ਪਲਾਂਟ ਵਾਲੀ ਥਾਂ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਲਾਠੀਚਾਰਜ ਕੀਤਾ, ਜਿਸ ਦੇ ਜਵਾਬ ਵਿੱਚ ਭੜਕੀ ਹੋਈ ਭੀੜ ਨੇ ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ ਅਤੇ ਹੋਰਨਾਂ ਨੂੰ ਨੁਕਸਾਨ ਪਹੁੰਚਾਇਆ। ਕਿਸਾਨ ਐਕਸ਼ਨ ਕਮੇਟੀ ਨੇ ਦਾਅਵਾ ਕੀਤਾ ਕਿ ਹੋਰ ਏਥਾਨੌਲ ਪਲਾਂਟ ਵੀ ਪ੍ਰਦੂਸ਼ਣ ਫੈਲਾ ਰਹੇ ਹਨ ਅਤੇ ਲੋਕਾਂ ਦੀ ਸਿਹਤ ਨੂੰ ਪ੍ਰਭਾਵਿਤ ਕਰ ਰਹੇ ਹਨ।
ਕੱਲ੍ਹ ਜ਼ਿਲ੍ਹਾ ਕੁਲੈਕਟਰ ਦਫ਼ਤਰ ਦੇ ਆਡੀਟੋਰੀਅਮ ਵਿੱਚ ਹੋਈ ਮੀਟਿੰਗ ਦੇਰ ਰਾਤ ਤੱਕ ਚੱਲੀ। ਵਧੀਕ ਡਾਇਰੈਕਟਰ ਜਨਰਲ ਆਫ਼ ਪੁਲੀਸ ਵੀ.ਕੇ. ਸਿੰਘ, ਬੀਕਾਨੇਰ ਡਿਵੀਜ਼ਨਲ ਕਮਿਸ਼ਨਰ ਵਿਸ਼ਰਾਮ ਮੀਣਾ, ਹਨੂੰਮਾਨਗੜ੍ਹ ਦੇ ਜ਼ਿਲ੍ਹਾ ਕੁਲੈਕਟਰ ਡਾ. ਕੁਸ਼ਲ ਯਾਦਵ, ਆਈ.ਜੀ. ਹੇਮੰਤ ਸ਼ਰਮਾ ਅਤੇ ਕਈ ਹੋਰ ਅਧਿਕਾਰੀ ਮੌਜੂਦ ਸਨ। ਇੰਦਰਜੀਤ ਸਿੰਘ ਪੰਨੀਵਾਲਾ, ਰਮੇਸ਼ ਭਾਦੂ ਨਾਗਰਾਣਾ, ਬਲਤੇਜ ਸਿੰਘ ਮਸਾਣੀ, ਮੋਹਨ ਸਿੰਘ ਰਾਠੌਰ ਪੰਨੀਵਾਲਾ, ਨਿਤਿਨ ਢਾਕਾ, ਰਵਿੰਦਰ ਅਤੇ ਹੋਰਾਂ ਨੇ ਐਕਸ਼ਨ ਕਮੇਟੀ ਦੀ ਨੁਮਾਇੰਦਗੀ ਕੀਤੀ।
ਮੀਟਿੰਗ ਵਿੱਚ ਭਾਜਪਾ ਵਿਧਾਇਕ ਗੁਰਵੀਰ ਸਿੰਘ ਬਰਾੜ, ਸਾਬਕਾ ਵਿਧਾਇਕ ਧਰਮਿੰਦਰ ਮੋਚੀ, ਕਾਂਗਰਸ ਨੇਤਾ ਸ਼ਬਨਮ ਗੋਦਾਰਾ ਅਤੇ ਕਮਿਊਨਿਸਟ ਪਾਰਟੀ ਦੇ ਨੇਤਾ ਜਗਜੀਤ ਜੱਗੀ ਵੀ ਹਾਜ਼ਰ ਸਨ।
ਪਲਾਂਟ ਅਧਿਕਾਰੀਆਂ ਨੇ ਲਿਖਤੀ ਭਰੋਸਾ ਦਿੱਤਾ ਕਿ ਜਾਂਚ ਪੂਰੀ ਹੋਣ ਤੱਕ ਕੋਈ ਕੰਮ ਨਹੀਂ ਕੀਤਾ ਜਾਵੇਗਾ। ਇਸ ਸਮਝੌਤੇ ’ਤੇ ਸਾਰੀਆਂ ਧਿਰਾਂ ਨੇ ਦਸਤਖ਼ਤ ਕੀਤੇ ਹਨ ਅਤੇ ਇਸ ਨੂੰ ਕਿਸਾਨਾਂ ਲਈ ਇੱਕ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਕਿਸਾਨਾਂ ਨੇ 17 ਦਸੰਬਰ ਨੂੰ ਜ਼ਿਲ੍ਹਾ ਕੁਲੈਕਟਰ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਇਹ ਪਲਾਂਟ ਵਾਤਾਵਰਣ ਪ੍ਰਦੂਸ਼ਣ ਅਤੇ ਸਿਹਤ ਦੇ ਖਤਰਿਆਂ ਨੂੰ ਵਧਾਏਗਾ। ਕੰਪਨੀ ਨੂੰ ਹੁਣ ਇਨ੍ਹਾਂ ਮਾਪਦੰਡਾਂ 'ਤੇ ਖਰਾ ਉਤਰਨਾ ਪਵੇਗਾ।

