ਮਜੀਠੀਆ ਦੀ ਜ਼ਮਾਨਤ ਅਰਜ਼ੀ ’ਤੇ ਸਰਕਾਰ ਵੱਲੋਂ ਅਦਾਲਤ ’ਚ ਜਵਾਬ ਦਾਇਰ
ਅਦਾਲਤ ਵਿੱਚ ਦੋਵੇਂ ਧਿਰਾਂ ਦੇ ਵਕੀਲ ਮੌਜੂਦ ਸਨ। ਬਿਕਰਮ ਮਜੀਠੀਆ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਅਦਾਲਤ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਵਿਜੀਲੈਂਸ ਦਿੱਲੀ ਦੇ ਇਸ਼ਾਰੇ ਉੱਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਿਕਰਮ ਮਜੀਠੀਆ ਦੇ ਕੇਸਾਂ ਵਿੱਚ ਵਿਜੀਲੈਂਸ ਨੂੰ ਹੁਣ ਤੱਕ ਕੁਝ ਵੀ ਗਲਤ ਨਹੀਂ ਮਿਲ ਸਕਿਆ, ਜਿਸ ਕਾਰਨ ਹੁਣ ਮਜੀਠੀਆ ’ਤੇ ਹੋਰ ਨਵੇਂ ਕੇਸ ਦਰਜ ਕਰਨ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖੰਨਾ ਵਿੱਚ ਮੋਬਾਈਲ ਦੇ ਇੱਕ ਸਿੰਮ ਕਾਰਡ ਨਾਲ ਬਿਕਰਮ ਮਜੀਠੀਏ ਦਾ ਨਾਂ ਜੋੜਿਆ ਜਾ ਰਿਹਾ ਹੈ ਜੋ ਤੱਥ ਵਿਹੂਣਾ ਹੈ। ਇਹ ਵੀ ਪਤਾ ਲੱਗਾ ਹੈ ਕਿ ਵਿਜੀਲੈਂਸ ਵੱਲੋਂ ਉਨ੍ਹਾਂ ਦੀ ਗੋਰਖਪੁਰ ਸਥਿਤ ਫੈਕਟਰੀ ਦੀ ਦੁਬਾਰਾ ਤਲਾਸ਼ੀ ਲਈ ਵੀ ਮੁੜ ਸਰਚ ਵਾਰੰਟ ਹਾਸਲ ਕੀਤੇ ਗਏ ਹਨ।
ਅਕਾਲੀ ਆਗੂ ਨੇ ਕਿਹਾ ਕਿ ਵਿਜੀਲੈਂਸ ਨੇ ਗੈਰ-ਕਾਨੂੰਨੀ ਤੌਰ ’ਤੇ ਲੋਕਾਂ ਨੂੰ ਚੁੱਕ ਕੇ ਧਾਰਾ 164 ਤਹਿਤ ਬਿਆਨ ਦਰਜ ਕਰਵਾਉਣ ਲਈ ਜ਼ਬਰਦਸਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇੱਕ ਐੱਸਪੀ ਨੇ ਬਲਵਿੰਦਰ ਸਿੰਘ ਤੇ ਉਨ੍ਹਾਂ ਦੇ ਜੀਜਾ ਮਨਜਿੰਦਰ ਸਿੰਘ ਨੂੰ 21 ਜੁਲਾਈ ਨੂੰ ਅੰਮ੍ਰਿਤਸਰ ਤੋਂ ਚੁੱਕ ਕੇ ਅੰਮ੍ਰਿਤਪਾਲ ਦੇ ਪ੍ਰਾਈਵੇਟ ਹੋਟਲ ਵਿੱਚ ਰੱਖਿਆ। ਕਲੇਰ ਨੇ ਕਿਹਾ ਕਿ ਇਨ੍ਹਾਂ ਲੋਕਾਂ ’ਤੇ ਦਬਾਅ ਬਣਾਇਆ ਗਿਆ ਕਿ ਉਹ ਇਹ ਬਿਆਨ ਧਾਰਾ 164 ਤਹਿਤ ਦੇਣ ਕਿ ਉਨ੍ਹਾਂ ਦੇ ਮਰਹੂਮ ਭਰਾ ਰੁਪਿੰਦਰ ਸਿੰਘ ਨੇ ਜੋ ਪੂੰਜੀ ਨਿਵੇਸ਼ ਕੀਤਾ ਸੀ, ਉਹ ਸਾਰਾ ਪੈਸਾ ਬਿਕਰਮ ਸਿੰਘ ਮਜੀਠੀਆ ਨੇ ਨਗਦ ਦਿੱਤਾ ਸੀ।
ਆਗੂਆਂ ਨੇ ਦੱਸਿਆ ਕਿ ਉਕਤ ਵਿਅਕਤੀਆਂ ਦੇ ਪਰਿਵਾਰਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕੋਲ ਪਹੁੰਚ ਕੀਤੀ ਤੇ ਹੈਬੀਅਸ ਕਾਰਪਸ ਪਟੀਸ਼ਨ ਦਾਇਰ ਕੀਤੀ। ਹਾਈ ਕੋਰਟ ਨੇ ਵਾਰੰਟ ਅਫ਼ਸਰ ਨਿਯੁਕਤ ਕਰ ਦਿੱਤਾ ਹੈ ਜਿਸ ਨੇ ਟੀਮ ਸਮੇਤ ਵਿਜੀਲੈਂਸ ਬਿਊਰੋ ਦੇ ਦਫ਼ਤਰ ’ਤੇ ਰੇਡ ਕੀਤੀ। ਜਦੋਂ ਸਰਕਾਰ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਦੋਵਾਂ ਨੂੰ ਤੁਰੰਤ ਅੰਮ੍ਰਿਤਸਰ ਭੇਜ ਦਿੱਤਾ ਗਿਆ। ਉਨ੍ਹਾਂ ਖ਼ਦਸ਼ਾ ਜ਼ਾਹਰ ਕੀਤਾ ਕਿ ਮਜੀਠੀਆ ਖ਼ਿਲਾਫ਼ ਤੀਜਾ ਝੂਠਾ ਕੇਸ ਵੀ ਦਰਜ ਕੀਤਾ ਜਾਵੇਗਾ।