ਪੰਜਾਬ ’ਚ ਦੇਸੀ ਘਿਓ, ਪਨੀਰ ਤੇ ਦੁੱਧ ਦਾ ‘ਗੋਰਖ-ਧੰਦਾ’
ਆਤਿਸ਼ ਗੁਪਤਾ
ਪੰਜਾਬ ਵਿੱਚ ਪਨੀਰ, ਦੇਸੀ ਘਿਓ, ਦੁੱਧ, ਮਸਾਲੇ, ਫਲ ਅਤੇ ਸਬਜ਼ੀਆਂ, ਮਠਿਆਈਆਂ, ਖੋਆ ਤੇ ਹੋਰਨਾਂ ਖਾਣ ਵਾਲੀਆਂ ਵਸਤੂਆਂ ਵਿੱਚ ਵੱਡੇ ਪੱਧਰ ’ਤੇ ਮਿਲਾਵਟਖੋਰੀ ਪਾਈ ਜਾ ਰਹੀ ਹੈ। ਇਸ ਮਿਲਾਵਟਖੋਰੀ ਨੂੰ ਰੋਕਣ ਲਈ ਸਰਕਾਰ ਵੱਲੋਂ ਸੂਬੇ ਭਰ ਵਿੱਚ ਸਖ਼ਤੀ ਵਰਤੀ ਜਾ ਰਹੀ ਹੈ। ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਵਿੱਚ ਸਾਹਮਣੇ ਆਇਆ ਕਿ ਸੂਬੇ ਵਿੱਚ ਪਨੀਰ, ਦੇਸੀ ਘੀ ਤੇ ਦੁੱਧ ਵਿੱਚ ਸਭ ਤੋਂ ਵੱਧ ਮਿਲਾਵਟਖੋਰੀ ਹੋਈ ਹੈ। ਵਿਭਾਗ ਵੱਲੋਂ ਪਿਛਲੇ ਤਿੰਨ ਸਾਲਾਂ ਦੌਰਾਨ ਸੂਬੇ ਵਿੱਚੋਂ ਪਨੀਰ ਦੇ 2340 ਸੈਂਪਲ ਲਏ ਗਏ ਹਨ, ਜਿਸ ਵਿੱਚੋਂ 1027 ਸੈਂਪਲ ਫੇਲ੍ਹ ਹੋਏ ਹਨ, ਜਿਸ ਵਿੱਚੋਂ 166 ਸੈਂਪਲ ਸਿਹਤ ਲਈ ਵਧੇਰੇ ਘਾਤਕ ਹਨ। ਇਸ ਤੋਂ ਇਲਾਵਾ ਦੇਸੀ ਘਿਓ ਦੇ 1160 ਸੈਂਪਲਾਂ ਵਿੱਚੋਂ 183 ਅਤੇ ਦੁੱਧ ਦੇ 2559 ਸੈਂਪਲਾਂ ਵਿੱਚੋਂ 700 ਸੈਂਪਲ ਫੇਲ੍ਹ ਹੋਏ ਹਨ। ਇਸ ਵਿੱਚ ਦੇਸੀ ਘਿਓ ਦੇ 114 ਅਤੇ ਦੁੱਧ ਦੇ 11 ਸੈਂਪਲ ਸਿਹਤ ਲਈ ਘਾਤਕ ਸਾਬਤ ਹੋਏ ਹਨ। ਇਸੇ ਤਰ੍ਹਾਂ ਮਸਾਲਿਆਂ ਦੇ 729 ਸੈਂਪਲਾਂ ਵਿੱਚੋਂ 94 ਅਤੇ ਮਠਿਆਈ ਤੇ ਹੋਰਨਾਂ ਖਾਦ ਪਦਾਰਥਾਂ ਦੇ 1776 ਸੈਂਪਲਾਂ ਵਿੱਚੋਂ 146 ਸੈਂਪਲ ਫੇਲ੍ਹ ਹੋਏ ਹਨ। ਇਸ ਗੱਲ ਦਾ ਪ੍ਰਗਟਾਵਾ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਹੈ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਮਿਲਾਵਟਖੋਰੀ ਕਰਨ ਵਾਲਿਆਂ ਵਿਰੁੱਧ ਕੇਸ ਦਰਜ ਕਰਕੇ ਸਖ਼ਤ ਕਾਰਵਾਈ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ ਪਨੀਰ ਵਿੱਚ ਮਿਲਾਵਟਖੋਰੀ ਕਰਨ ਦੇ 589, ਦੇਸੀ ਘਿਓ ਦੇ 73, ਦੁੱਧ ਦੇ 467, ਮਸਾਲਿਆਂ ਦੇ 71 ਕੇਸ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅਦਾਲਤ ਨੇ ਪਿਛਲੇ ਪੰਜ ਸਾਲਾਂ ਵਿੱਚ ਮਿਲਾਵਟਖੋਰੀ ਦੇ 145 ਮਾਮਲਿਆਂ ਵਿੱਚ ਛੇ ਮਹੀਨੇ ਤੱਕ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਸੈਂਪਲਿੰਗ ਕੀਤੀ ਜਾਵੇਗੀ। ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ‘ਫੂਡ ਸੇਫ਼ਟੀ ਆਨ ਵੀਲ੍ਹਜ਼’ ਪਹਿਲਕਦਮੀ ਤਹਿਤ ਮੋਬਾਈਲ ਫੂਡ ਟੈਸਟਿੰਗ ਵੈਨਾਂ ਨੂੰ ਹੁਣ ਸਾਰੇ ਜ਼ਿਲ੍ਹਿਆਂ ਤੱਕ ਪਹੁੰਚਾ ਦਿੱਤਾ ਹੈ।
ਇਨ੍ਹਾਂ ਵੈਨਾਂ ਰਾਹੀਂ ਦੁੱਧ, ਪਨੀਰ, ਪਾਣੀ ਅਤੇ ਹੋਰ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਸਣੇ ਭੋਜਨ ਦੀਆਂ ਪ੍ਰਮੁੱਖ ਸ਼੍ਰੇਣੀਆਂ ਵਿੱਚ ਮਿਲਾਵਟ ਦੀ ਜਾਂਚ ਕੀਤੀ ਜਾਵੇਗੀ। ਸਿਹਤ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਤਿੰਨ ਸਾਲਾਂ ਵਿੱਚ 5311 ਕਿੱਲੋ ਪਨੀਰ, 5128 ਕਿੱਲੋ ਦੇਸੀ ਘਿਓ, 4 ਹਜ਼ਾਰ ਕਿੱਲੋ ਦੁੱਧ ਅਤੇ 2580 ਕਿੱਲੋ ਮਠਿਆਈ ਤੇ ਹੋਰ ਖਾਣ ਵਾਲੇ ਪਦਾਰਥ ਜ਼ਬਤ ਕੀਤੇ ਹਨ।
ਨਕਲੀ ਦੁੱਧ, ਖੋਆ ਪਨੀਰ ਵੇਚਣ ਵਾਲਿਆਂ ਨੂੰ ਸਖ਼ਤ ਸਜ਼ਾ ਦੇਵਾਂਗੇ: ਡਾ. ਬਲਬੀਰ ਸਿੰਘ
ਪਟਿਆਲਾ (ਗੁਰਨਾਮ ਸਿੰਘ ਅਕੀਦਾ): ਸਿਹਤ ਮੰਤਰੀ ਡਾ. ਬਲਬੀਰ ਸਿੰਘ ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਤ੍ਰਿਪੜੀ ਵਿੱਚ ਕਰਵਾਏ ਸਮਾਗਮ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਪੰਜਾਬ ਵਿਚ ਨਕਲੀ ਖੋਆ, ਨਕਲੀ ਦੁੱਧ ਆਉਣਾ ਸ਼ੁਰੂ ਹੋ ਜਾਂਦਾ ਹੈ। ਅਜਿਹਾ ਕਰਨ ਵਾਲੇ ਬਖ਼ਸ਼ੇ ਨਹੀਂ ਜਾਣਗੇ, ਕਿਉਂਕਿ ਇਹ ‘ਹਾਰਟ ਅਟੈਕ’ ਹੋਣ ਦਾ ਕਾਰਨ ਬਣਦੇ ਹਨ। ਨਕਲੀ ਦੁੱਧ, ਪਨੀਰ, ਘਿਉ ਦੀਆਂ ਵਸਤਾਂ ਬਣਾ ਕੇ ਵੇਚਣਾ ਦੇਸ਼ਧ੍ਰੋਹ ਵਾਂਗ ਹੀ ਹੁੰਦਾ ਹੈ।