ਮਾਲਖਾਨੇ ਵਿੱਚੋਂ ਬਰਤਾਨਵੀ ਨਾਗਰਿਕ ਦਾ ਸੋਨਾ ਗਾਇਬ
ਖ਼ਰਾਬ ਹਾਲਤ ਵਿਚ ਸਿਰਫ਼ ਮੋਬਾੲੀਲ ਫੋਨ ਮਿਲਿਆ; ਜ਼ਿਲ੍ਹਾ ਪੁਲੀਸ ਵੱਲੋਂ ਜਾਂਚ ਟੀਮ ਕਾਇਮ
ਸੂਬੇ ਵਿੱਚ ਕਰੀਬ ਨੌਂ ਵਰ੍ਹੇ ਪਹਿਲਾਂ ਹਿੰਦੂ ਜਥੇਬੰਦੀ ਦੇ ਆਗੂਆਂ ਸਣੇ ਮਿੱਥ ਕੇ ਕੀਤੇ ਕਤਲਾਂ ’ਚ ਕਥਿਤ ਤੌਰ ’ਤੇ ਸ਼ਾਮਲ ਭਾਰਤੀ ਮੂਲ ਦੇ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਦੀ ਥਾਣਾ ਬਾਘਾਪੁਰਾਣਾ ਵੱਲੋਂ ਗ੍ਰਿਫ਼ਤਾਰੀ ਸਮੇਂ ਅਗੂੰਠੀ, ਚੇਨ, ਮੋਬਾਈਲ ਤੇ ਹੋਰ ਮਾਲਖਾਨੇ ਵਿਚ ਜਮ੍ਹਾਂ ਸਾਮਾਨ ਵਿਚੋਂ ਸਿਰਫ਼ ਖ਼ਰਾਬ ਹਾਲਤ ਵਿਚ ਮੋਬਾਈਲ ਫੋਨ ਹੀ ਮਿਲਿਆ ਹੈ ਤੇ ਸੋਨੇ ਦੇ ਕਰੀਬ 100 ਗ੍ਰਾਮ ਦੇ ਗਹਿਣੇ ਭੇਤਭਰੀ ਹਾਲਤ ਵਿਚ ਗਾਇਬ ਹਨ। ਥਾਣਾ ਬਾਘਾਪੁਰਾਣਾ ਮੁਖੀ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਲਈ ਐੱਸ ਪੀ (ਸਥਾਨਕ) ਸੰਦੀਪ ਸਿੰਘ ਮੰਡ ਦੀ ਨਿਗਰਾਨੀ ਹੇਠ ਉੱਚ ਪੱਧਰੀ ਜਾਂਚ ਕਮੇਟੀ ਬਣਾ ਦਿੱਤੀ ਗਈ ਹੈ।
ਬਚਾਅ ਪੱਖ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਥਾਣਾ ਬਾਘਾਪੁਰਾਣਾ ਵਿੱਚ 17 ਦਸੰਬਰ 2016 ਨੂੰ ਅਸਲਾ ਅਤੇ ਯੂਏਪੀ ਐਕਟ ਤਹਿਤ ਦਰਜ ਐੱਫਆਈਆਰ ’ਚ ਜੱਗੀ ਜੌਹਲ ਤੇ ਹੋਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦੀ ਗ੍ਰਿਫ਼ਤਾਰੀ ਸਮੇਂ ਤਲਾਸ਼ੀ ਵਿੱਚ ਉਸ ਦੀ 100 ਗ੍ਰਾਮ ਦੀ ਚੇਨੀ, ਮੁੰਦਰੀ, ਸੈਮਸੰਗ ਕੰਪਨੀ ਦਾ ਮੋਬਾਈਲ ਫੋਨ ਤੇ 5 ਹਜ਼ਾਰ ਰੁਪਏ ਪੁਲੀਸ ਨੇ ਕਾਨੂੰਨੀ ਤੌਰ ਉੱਤੇ ਜਮ੍ਹਾਂ ਕੀਤੇ ਸਨ। ਇਸ ਮਾਮਲੇ ਵਿਚ ਜੱਗੀ ਜੌਹਲ ਨੂੰ ਜ਼ਿਲ੍ਹਾ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਇਸ ਵਰ੍ਹੇ ਦੀ 5 ਮਾਰਚ ਨੂੰ ਬਰੀ ਕਰ ਦਿੱਤਾ ਸੀ। ਪੁਲੀਸ ਨੇ ਕਥਿਤ ਬਦਨੀਤੀ ਨਾਲ ਇਹ ਸਾਮਾਨ ਜਮ੍ਹਾਂ ਕਰਨ ਵੇਲੇ ਚੇਨ ਦਾ ਵਜ਼ਨ ਦਰਜ ਨਹੀਂ ਕੀਤਾ। ਇਸ ਚੇਨ ਦੀ ਤਸਦੀਕ ਗੋਗਨਾ ਜਵੈਲਰ ਸਕਾਟਲੈਂਡ ਯੂਕੇ ਤੋਂ ਕਰਵਾਈ ਅਤੇ ਉਸ ਚੇਨ ਦਾ ਵਜ਼ਨ 100 ਗ੍ਰਾਮ ਹੋਣ ਦੀ ਤਸਦੀਕ ਕੀਤੀ। ਅਦਾਲਤ ਵਿਚ ਫੋਟੋ ਵੀ ਪੇਸ਼ ਕੀਤੀ, ਜਿਸ ਵਿਚ ਚੇਨ ਜੱਗੀ ਜੌਹਲ ਦੇ ਪਾਈ ਹੋਈ ਸੀ।
ਜੱਗੀ ਜੌਹਲ ਸਾਲ 2017 ਵਿੱਚ ਵਿਆਹ ਕਰਵਾਉਣ ਪੰਜਾਬ ਆਇਆ ਸੀ। ਉਸ ਦਾ ਵਿਆਹ 18 ਅਕਤੂਬਰ 2017 ਨੂੰ ਮਹਿਤਪੁਰ ਨੇੜਲੇ ਪਿੰਡ ਸੋਹਲ ਜਗੀਰ ਦੀ ਮੁਟਿਆਰ ਨਾਲ ਹੋਇਆ ਸੀ। ਵਿਆਹ ਤੋਂ 15 ਦਿਨ ਬਾਅਦ 4 ਨਵੰਬਰ ਨੂੰ ਸਟੇਟ ਸਪੈਸ਼ਲ ਸੈੱਲ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਸਟੇਟ ਸਪੈਸ਼ਲ ਸੈੱਲ ਵੱਲੋਂ ਜੱਗੀ ਜੌਹਲ ਨੂੰ ਪੰਜਾਬ ’ਚ ਹਿੰਦੂ ਜਥੇਬੰਦੀ ਦੇ ਆਗੂਆਂ ਸਣੇ ਮਿੱਥ ਕੇ ਕੀਤੇ ਕਤਲਾਂ ਦੀਆਂ ਵਾਰਦਾਤਾਂ ’ਚ ਨਾਮਜ਼ਦ ਕਰਨ ਮਗਰੋਂ ਇਹ ਪੜਤਾਲ ਕੌਮੀ ਜਾਂਚ ਏਜੰਸੀ (ਐੱਨ ਆਈ ਏ) ਨੂੰ ਤਬਦੀਲ ਹੋ ਗਈ ਸੀ।

