ਹਤਿੰਦਰ ਮਹਿਤਾ
ਇਥੋਂ ਦੇ ਨਹਿਰੂ ਗਾਰਡਨ ਸਕੂਲ ਦੇ ਸਾਹਮਣੇ ਵਾਲੀ ਗਲੀ ਵਿੱਚ ਸਥਿਤ ਹੋਟਲ ਰਵੀ ਰੈਜ਼ੀਡੈਂਸੀ ਵਿੱਚ 23 ਸਾਲਾ ਨਰਸ ਅਨਮੋਲ ਦੀ ਮੌਤ ਦੇ ਸਬੰਧ ਵਿੱਚ ਪੁਲੀਸ ਨੇ ਕੇਸ ਦਰਜ ਕਰ ਕੇ ਮ੍ਰਿਤਕਾ ਦੇ ਦੋਸਤ ਜਤਿੰਦਰ ਕੁਮਾਰ ਨੂੰ ਨਾਮਜ਼ਦ ਕੀਤਾ ਹੈ। ਅਨਮੋਲ ਦੀ ਮਾਂ ਨੇ ਦੋਸ਼ ਲਗਾਇਆ ਕਿ ਜਤਿੰਦਰ ਉਸ ਦੀ ਧੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਅਨਮੋਲ ਨੇ ਇਨਕਾਰ ਕਰ ਦਿੱਤਾ ਸੀ। ਇਸ ਮਗਰੋਂ ਜਤਿੰਦਰ ਉਸ ਨੂੰ ਧੋਖੇ ਨਾਲ ਹੋਟਲ ਵਿਚ ਲੈ ਗਿਆ ਜਿੱਥੇ ਉਸ ਨੇ ਅਨਮੋਲ ਨੂੰ ਕਥਿਤ ਜ਼ਹਿਰ ਦੇ ਕੇ ਮਾਰ ਦਿੱਤਾ। ਦੂਜੇ ਪਾਸੇ, ਐੱਸਐੱਚਓ ਅਨੂ ਪਟਿਆਲ ਨੇ ਕਿਹਾ ਕਿ ਜਤਿੰਦਰ ਦੀ ਭਾਲ ਕੀਤੀ ਜਾ ਰਹੀ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਬਟਾਲਾ ਵਾਸੀ ਸ਼ਿੰਦਰਜੀਤ ਕੌਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੀ ਧੀ ਅਨਮੋਲ (23) ਹਸਪਤਾਲ ਵਿੱਚ ਨਰਸ ਸੀ। ਸ਼ੁੱਕਰਵਾਰ ਨੂੰ ਉਸ ਦੀ ਰਾਤ ਦੀ ਡਿਊਟੀ ਸੀ। ਉਨ੍ਹਾਂ ਜਦੋਂ ਅਗਲੇ ਦਿਨ ਦੁਪਹਿਰ ਵੇਲੇ ਅਨਮੋਲ ਨੂੰ ਫੋਨ ਕੀਤਾ ਤਾਂ ਉਸ ਦਾ ਫੋਨ ਬੰਦ ਆ ਰਿਹਾ ਸੀ। ਇਸ ’ਤੇ ਅਨਮੋਲ ਦੇ ਭਰਾ ਮਾਈਕਲ ਨੇ ਆਪਣੇ ਨੂੰ ਹਸਪਤਾਲ ਨਾਲ ਸੰਪਰਕ ਕਰਨ ਲਈ ਕਿਹਾ।
ਇਸ ਮਗਰੋਂ ਪਤਾ ਲੱਗਿਆ ਕਿ ਜਤਿੰਦਰ, ਅਨਮੋਲ ਨੂੰ ਆਪਣੇ ਨਾਲ ਹੋਟਲ ਲੈ ਗਿਆ ਸੀ। ਉਹ ਜਦੋਂ ਹੋਟਲ ਗਿਆ ਤਾਂ ਅਨਮੋਲ ਬਿਸਤਰੇ ’ਤੇ ਬੇਸੁਰਤ ਪਈ ਸੀ। ਹਸਪਤਾਲ ਲਿਜਾਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਡਿਵੀਜ਼ਨ ਨੰਬਰ-4 ਦੀ ਪੁਲੀਸ ਨੇ ਕਤਲ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।