DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗਿਆਨੀ ਹਰਪ੍ਰੀਤ ਸਿੰਘ ਨੇ ਹੁਕਮਨਾਮੇ ਦੀ ਉਲੰਘਣਾ ਕੀਤੀ: ਸੁਖਬੀਰ

ਪਟਿਆਲਾ ’ਚ ਵਿਸ਼ਾਲ ਰੈਲੀ ਨੂੰ ਕੀਤਾ ਸੰਬੋਧਨ: ਬਿਨਾਂ ਸੁਰੱ‌ਖਿਆ ਸੇਵਾ ’ਤੇ ਬਿਠਾ ਕੇ ਕਤਲ ਕਰਾਉਣ ਦੀ ਕੋਸ਼ਿਸ਼ ਦਾ ਲਾਇਆ ਦੋਸ਼; ਪੰਜਾਬ ਸਰਕਾਰ ਅਤੇ ਕੇਜਰੀਵਾਲ ਦੀ ਆਲੋਚਨਾ
  • fb
  • twitter
  • whatsapp
  • whatsapp
Advertisement

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ 2 ਦਸੰਬਰ, 2024 ਦੇ ਹੁਕਮਨਾਮੇ ਦੀ ਉਲੰਘਣਾ ਕੀਤੀ, ਜਿਸ ਵਿੱਚ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਵੱਖਰਾ ਧੜਾ ਬਣਾਉਣ ਦੀ ਸਖ਼ਤ ਮਨਾਹੀ ਸੀ। ਸਾਰੀ ਦੁਨੀਆ ਜਾਣਦੀ ਹੈ ਕਿ ਹਰਪ੍ਰੀਤ ਸਿੰਘ ਨੇ ਸਿੱਖ ਅਤੇ ਪੰਜਾਬ ਵਿਰੋਧੀ ਕੇਂਦਰੀ ਏਜੰਸੀਆਂ ਨਾਲ ਮਿਲੀਭੁਗਤ ਕਰਕੇ ਖ਼ਾਲਸਾ ਪੰਥ, ਪੰਜਾਬ ਅਤੇ ਅਕਾਲੀ ਦਲ ਨੂੰ ਵੰਡਣ ਅਤੇ ਕਮਜ਼ੋਰ ਕਰਨ ਦੀ ਸਾਜਿਸ਼ ਰਚੀ ਹੈ। ਸ੍ਰੀ ਬਾਦਲ ਅੱਜ ਇੱਥੇ ਪੁੱਡਾ ਦਫ਼ਤਰ ਦੇ ਸਾਹਮਣੇ ਅਕਾਲੀ ਦਲ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਉਸ ਨੇ ਅਕਾਲ ਤਖ਼ਤ ਅੱਗੇ ਅਕਾਲੀ ਸਰਕਾਰ ਦੌਰਾਨ ਹੋਈ ਕਿਸੇ ਵੀ ਗ਼ਲਤੀ ਲਈ ਪੂਰੀ ਜ਼ਿੰਮੇਵਾਰੀ ਲਈ ਸੀ। ਇਸ ਦੇ ਬਾਵਜੂਦ ਗਿਆਨੀ ਹਰਪ੍ਰੀਤ ਸਿੰਘ ਨੇ ਉਸ ਵਿਰੁੱਧ ਕਤਲ ਦੀ ਕੋਸ਼ਿਸ਼ ਨੂੰ ਅਣਜਾਣੇ ਤਰੀਕੇ ਨਾਲ ਆਸ਼ੀਰਵਾਦ ਦਿੱਤਾ, ਬਗੈਰ ਸੁਰੱਖਿਆ ਤੋਂ ਸੇਵਾ ਵਿਚ ਲਾਇਆ ਜਿਸ ਕਰਕੇ ਉਸ ’ਤੇ ਗੋਲੀ ਚੱਲੀ। ਇਹ ਸਾਰਾ ਕੁਝ ਸੁਰਜੀਤ ਸਿੰਘ ਰੱਖੜਾ ਤੇ ਪ੍ਰੇਮ ਸਿੰਘ ਚੰਦੂਮਾਜਰਾ ਨਾਲ ਸਾਜਿਸ਼ ਰਚ ਕੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਕੀਤਾ ਗਿਆ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਸੂਬੇ ਵਿਚ ਸਾਰੀ ਤਰੱਕੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਹੀ ਕੀਤੀ ਹੈ। ਸਥਾਨਕ ਬਾਗ਼ੀ ਆਗੂਆਂ ਚੰਦੂਮਾਜਰਾ ਅਤੇ ਰੱਖੜਾ ਦਾ ਜ਼ਿਕਰ ਕਰਦਿਆਂ, ਸੁਖਬੀਰ ਨੇ ਪਾਰਟੀ ਵਰਕਰਾਂ ਨੂੰ ਉਨ੍ਹਾਂ ਤੋਂ ਮੁਕਤ ਹੋਣ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਕਿਸਾਨਾਂ ਦੀ ਜ਼ਮੀਨ ਖੋਹਣ ਲਈ ਲੈਂਡ ਪੂਲਿੰਗ ਸਕੀਮ ਲਿਆਂਦੀ ਸੀ। ਸ੍ਰੀ ਬਾਦਲ ਨੇ ‘ਆਪ’ ਸੁਪਰੀਮੋ ਕੇਜਰੀਵਾਲ ਦੀ ਆਲੋਚਨਾ ਕਰਦਿਆਂ ਕਿਹਾ ਕਿ ਇੱਕ ਸਾਬਕਾ ਅਧਿਕਾਰੀ ਮਹੇਸ਼ ਪੁਰੀ ਨੂੰ ਪੰਜਾਬ ਵਿਜੀਲੈਂਸ ਵਿਭਾਗ ਦਾ ਇੰਚਾਰਜ ਬਣਾਇਆ ਗਿਆ ਹੈ ਅਤੇ ਉਹ ਵਿਭਾਗ ਦੀ ਅਣਅਧਿਕਾਰਤ ਤੌਰ ’ਤੇ ਨਿਗਰਾਨੀ ਕਰ ਰਿਹਾ ਹੈ। ਇਸ ਮੌਕੇ ਸੀਨੀਅਰ ਆਗੂਆਂ ਵਿੱਚ ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ, ਐੱਨਕੇ ਸ਼ਰਮਾ, ਹਰਪ੍ਰੀਤ ਕੌਰ ਮੁਖਮੈਲਪੁਰ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਸੁਰਜੀਤ ਸਿੰਘ ਗੜ੍ਹੀ, ਕਬੀਰ ਦਾਸ, ਸਰਬਜੀਤ ਸਿੰਘ ਝਿੰਜਰ, ਜਗਮੀਤ ਹਰਿਆਉ, ਅਮਿਤ ਰਾਠੀ, ਜਸਪਾਲ ਸਿੰਘ ਬਿੱਟੂ ਚੱਠਾ, ਰਜਿੰਦਰ ਸਿੰਘ ਵਿਰਕ, ਮੱਖਣ ਸਿੰਘ ਲਾਲਕਾ, ਅਮਰਿੰਦਰ ਸਿੰਘ ਬਜਾਜ, ਅਮਰਜੀਤ ਸਿੰਘ ਪੰਜਰਥ ਹਾਜ਼ਰ ਸਨ।

Advertisement
Advertisement
×