ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਨਹੀਂ ਬਣਨਾ ਚਾਹੀਦਾ ਸੀ: ਗੜਗੱਜ
ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਅਕਾਲੀ ਦਲ ਦਾ ਪ੍ਰਧਾਨ ਬਣਨ ’ਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਉਨ੍ਹਾਂ ਨੂੰ ਨੈਤਿਕ ਤੌਰ ’ਤੇ ਅਕਾਲੀ ਦਲ ਦਾ ਪ੍ਰਧਾਨ ਨਹੀਂ ਬਣਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਇਸ ਵੇਲੇ ਸਿੱਖ ਕੌਮ ਸਾਹਮਣੇ ਵੱਡੀਆਂ ਚੁਣੌਤੀਆਂ ਹਨ ਅਤੇ ਇਨ੍ਹਾਂ ਦਾ ਸਾਰਿਆਂ ਨੂੰ ਮਿਲ ਕੇ ਸਾਹਮਣਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਕੌਮ ਨੂੰ ਧੜਿਆਂ ਵਿੱਚ ਵੰਡਣ ਦੀ ਥਾਂ ਇੱਕਜੁੱਟ ਹੋਣਾ ਚਾਹੀਦਾ ਹੈ। ਜਥੇਦਾਰ ਗੜਗੱਜ ਇੱਥੇ ਖਾਲਸਾ ਕਾਲਜ ਵਿੱਚ ਅਰਦਾਸ ਸਮਾਗਮ ’ਚ ਸ਼ਾਮਲ ਹੋਣ ਲਈ ਪੁੱਜੇ ਸਨ। ਇਸ ਦੌਰਾਨ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵਰਤੀ ਗਈ ਸ਼ਬਦਾਵਲੀ ’ਤੇ ਵੀ ਇਤਰਾਜ਼ ਜ਼ਾਹਿਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਖ਼ੁਦ ਕੌਮ ਦੇ ਜਥੇਦਾਰ ਰਹੇ ਹਨ ਅਤੇ ਉਨ੍ਹਾਂ ਨੂੰ ਮਿੱਠ ਬੋਲੜਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਹੜਾ ਅਕਾਲੀ ਦਲ ਪੰਜਾਬ ਦੀ ਗੱਲ ਕਰਦਾ ਹੈ, ਪੰਜਾਬ ਦੀ ਜ਼ਮੀਨ ਨੂੰ ਬਚਾਉਣ ਲਈ ਗੱਲ ਕਰਦਾ ਹੈ, ਸਿੱਖ ਪਛਾਣ ਅਤੇ ਸਿੱਖ ਮੁੱਦਿਆਂ ਦੀ ਗੱਲ ਕਰਦਾ ਹੈ, ਪੂਰੀ ਦੁਨੀਆ ਵਿੱਚ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੀ ਗੱਲ ਕਰਦਾ ਹੈ, ਉਹੀ ਅਸਲੀ ਅਕਾਲੀ ਦਲ ਹੈ।
ਦੋ ਦਸੰਬਰ ਦੇ ਹੁਕਮਨਾਮੇ ਦੀ ਨਹੀਂ ਹੋਈ ਪਾਲਣਾ
ਉਨ੍ਹਾਂ ਕਿਹਾ ਕਿ ਦੋ ਦਸੰਬਰ ਨੂੰ ਅਕਾਲ ਤਖ਼ਤ ਤੋਂ ਜਾਰੀ ਕੀਤੇ ਹੁਕਮਨਾਮੇ ਦੀ ਮੂਲ ਭਾਵਨਾ ਸਭ ਨੂੰ ਇਕੱਠਿਆਂ ਕਰਨਾ ਸੀ ਪਰ ਇਸ ਦੀ ਇੰਨ-ਬਿੰਨ ਪਾਲਣਾ ਨਹੀਂ ਹੋਈ। ਬਿਨਾਂ ਕਿਸੇ ਦਾ ਨਾਂ ਲਏ ਉਨ੍ਹਾਂ ਦੋਸ਼ ਲਾਇਆ ਕਿ ਹਰੇਕ ਨੇ ਆਪਣੇ ਨਿੱਜੀ ਮੁਫ਼ਾਦ ਅੱਗੇ ਰੱਖੇ ਅਤੇ ਅਕਾਲ ਤਖ਼ਤ ਦੀ ਮਾਣ-ਮਰਿਆਦਾ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਅਕਾਲੀ ਧੜਿਆਂ ਦੀ ਲੜਾਈ, ਪੰਥ ਦੀ ਲੜਾਈ ਨਹੀਂ ਸਗੋਂ ਇਹ ਧੜਿਆਂ ਦੀ ਲੜਾਈ ਹੈ। ਅਕਾਲੀ ਧੜੇ ਪਹਿਲਾਂ ਵੀ ਲੜਦੇ ਰਹੇ ਹਨ, ਧੜੇ ਪਹਿਲਾਂ ਵੀ ਨਵੇਂ ਬਣਦੇ ਰਹੇ ਹਨ। ਇਸ ਲਈ ਜੇ ਕੋਈ ਪ੍ਰਧਾਨ ਬਣਿਆ ਹੈ ਤਾਂ ਉਸਨੂੰ ਮੁਬਾਰਕ ਹੈ, ਪਰ ਇਸ ਵੇਲੇ ਕੌਮ ਉੱਤੇ ਬਾਹਰੋਂ ਹਮਲੇ ਹੋ ਰਹੇ ਹਨ, ਇਸ ਲਈ ਇਕੱਠੇ ਹੋ ਕੇ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੌਮ ਦੇ ਵੱਡੇ ਹਿੱਤਾਂ ਲਈ ਇੱਕਜੁੱਟ ਹੋਣ ਦੀ ਲੋੜ ਹੈ, ਵੱਖੋ-ਵੱਖਰੇ ਚੱਲਣਾ ਠੀਕ ਨਹੀਂ ਹੈ।