DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚਾਂਦਪੁਰ ਬੰਨ੍ਹ ਤੋੜ ਕੇ ਘੱਗਰ ਨੇ ਡੋਬੇ ਮਾਨਸਾ ਦੇ ਕਈ ਪਿੰਡ

* ਤੜਕੇ 80 ਫੁੱਟ ਚੌੜਾ ਪਾੜ ਪੈਣ ਕਾਰਨ ਪਾਣੀ ਵਿੱਚ ਘਿਰੇ ਇਲਾਕੇ * ਪੰਜਾਬ ਅਤੇ ਹਰਿਆਣਾ ਦੇ ਕਈ ਪਿੰਡ ਹੜ੍ਹ ਦੀ ਮਾਰ ਹੇਠ ਆਏ

  • fb
  • twitter
  • whatsapp
  • whatsapp
featured-img featured-img
ਬੋਹਾ ਇਲਾਕੇ ਦੇ ਹੜ੍ਹ ਪੀੜਤ ਆਪਣਾ ਸਾਮਾਨ ਟਰਾਲੀਆਂ ਵਿਚ ਲੱਦ ਕੇ ਸੁਰੱਖਿਅਤ ਥਾਂ ਵੱਲ ਲਿਜਾਂਦੇ ਹੋਏ।
Advertisement

ਟਨਸ/ਜੋਗਿੰਦਰ ਸਿੰਘ ਮਾਨ/ਬਲਜੀਤ ਸਿੰਘ/ਨਿਰੰਜਣ ਬੋਹਾ/ਸੱਤ ਪ੍ਰਕਾਸ਼ ਸਿੰਗਲਾ

ਚੰਡੀਗੜ੍ਹ/ਮਾਨਸਾ, 15 ਜੁਲਾਈ

Advertisement

ਮਾਨਸਾ ਜ਼ਿਲ੍ਹੇ ਦੇ ਪਿੰਡ ਰੋੜਕੀ ਵਿਚਲਾ ਘੱਗਰ ਦਾ ਚਾਂਦਪੁਰ ਬੰਨ੍ਹ ਅੱਜ ਸਵੇਰੇ 4.30 ਵਜੇ ਟੁੱਟ ਗਿਆ, ਜਿਸ ਕਾਰਨ ਇਸ ਖੇਤਰ ਵਿੱਚ ਤਰਥੱਲੀ ਮੱਚ ਗਈ ਹੈ। ਹਾਲਾਂਕਿ ਲੋਕ ਪਿਛਲੇ ਕਈ ਦਿਨਾਂ ਤੋਂ ਇਸ ਬੰਨ੍ਹ ਨੂੰ ਸੁਰੱਖਿਅਤ ਰੱਖਣ ਦੇ ਯਤਨ ਕਰ ਰਹੇ ਸਨ ਪਰ ਬੰਨ੍ਹ ਵਿੱਚ 80 ਫੁੱਟ ਚੌੜਾ ਪਾੜ ਪੈਣ ਤੋਂ ਬਾਅਦ ਨੇੜਲੇ ਇਲਾਕੇ ਹੜ੍ਹ ਦੀ ਮਾਰ ਹੇਠ ਆ ਗਏ ਹਨ। ਬੰਨ੍ਹ ਵਿੱਚ ਪਾੜ ਪੈਣ ਕਾਰਨ ਪੰਜਾਬ ਅਤੇ ਹਰਿਆਣਾ ਦੇ ਕਈ ਹੋਰ ਪਿੰਡਾਂ ਨੂੰ ਵੀ ਪਾਣੀ ਨੇ ਘੇਰ ਲਿਆ ਹੈ। ਫ਼ੌਜ ਅਤੇ ਐੱਨਡੀਆਰਐੱਫ ਦੀਆਂ ਟੀਮਾਂ ਤੁਰੰਤ ਹਰਕਤ ’ਚ ਆ ਗਈਆਂ ਹਨ ਅਤੇ ਉਹ ਪਾੜ ਪੂਰਨ ਦੇ ਨਾਲ ਲੋਕਾਂ ਨੂੰ ਸੁਰੱਖਿਅਤ ਕੱਢਣ ਦੇ ਯਤਨਾਂ ’ਚ ਜੁੱਟ ਗਏ ਹਨ। ਉਂਜ ਪੰਜਾਬ ’ਚ ਕਈ ਥਾਵਾਂ ’ਤੇ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ। ਹੁਣ ਬਿਮਾਰੀਆਂ ਦਾ ਖ਼ਤਰਾ ਵਧਣ ਕਰਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਕਿਸੇ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਢੁੱਕਵੇਂ ਕਦਮ ਚੁੱਕਣ। ਸੂਬੇ ਦੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ’ਚੋਂ 22 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਪੰਜਾਬ ਦੇ 14 ਜ਼ਿਲ੍ਹਿਆਂ ਪਟਿਆਲਾ, ਮੋਗਾ, ਲੁਧਿਆਣਾ, ਮੁਹਾਲੀ, ਜਲੰਧਰ, ਸੰਗਰੂਰ, ਪਠਾਨਕੋਨ, ਤਰਨ ਤਾਰਨ, ਫਿਰੋਜ਼ਪੁਰ, ਫਤਹਿਗੜ੍ਹ ਸਾਹਬਿ, ਫਰੀਦਕੋਟ, ਹੁਸ਼ਿਆਰਪੁਰ, ਰੂਪਨਗਰ ਅਤੇ ਐੱਸਬੀਐੱਸ ਨਗਰ ਜ਼ਿਆਦਾ ਪ੍ਰਭਾਵਿਤ ਹੋਏ ਹਨ। ਜਲੰਧਰ ਦੇ ਲੋਹੀਆਂ ਬਲਾਕ ’ਚ ਸਤਲੁਜ ਦਰਿਆ ’ਤੇ ਧੁੱਸੀ ਬੰਨ੍ਹ ਪੂਰਨ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ।

Advertisement

ਮਾਨਸਾ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਸਾਮਾਨ ਲੈ ਕੇ ਸੁਰੱਖਿਅਤ ਥਾਵਾਂ ਵੱਲ ਚਲੇ ਜਾਣ ਤਾਂ ਜੋ ਬੰਨ੍ਹ ਟੁੱਟਣ ਕਾਰਨ ਜਾਨ-ਮਾਲ ਦੇ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ। ਹੜ੍ਹ ਦੀ ਮਾਰ ਤੋਂ ਬਚਣ ਲਈ ਲੋਕਾਂ ਨੇ ਆਪਣਾ ਸਾਮਾਨ ਲੈ ਕੇ ਸੁਰੱਖਿਅਤ ਥਾਵਾਂ ਵੱਲ ਚਾਲੇ ਪਾ ਦਿੱਤੇ ਹਨ। ਦੂਜੇ ਪਾਸੇ ਪਿੰਡ ਵਾਸੀਆਂ ਵੱਲੋਂ ਪ੍ਰਸ਼ਾਸਨ ਦੀ ਮਦਦ ਨਾਲ ਚਾਂਦਪੁਰ ਬੰਨ੍ਹ ਦਾ ਪਾੜ ਪੂਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਹਨ, ਪਰ ਪਾਣੀ ਦਾ ਵਹਾਅ ਬਹੁਤ ਤੇਜ਼ ਹੋਣ ਕਾਰਨ ਕਾਫ਼ੀ ਦਿੱਕਤਾਂ ਪੇਸ਼ ਆ ਰਹੀਆਂ ਹਨ। ਮਾਨਸਾ ਜ਼ਿਲ੍ਹੇ ਦੇ ਪਿੰਡ ਮੋਫਰ, ਮੋਡਾ, ਦਾਨੇਵਾਲਾ, ਕੋਰਵਾਲਾ, ਚਹਿਲਾਂਵਾਲੀ, ਭੰਮੇ ਖੁਰਦ ਆਦਿ ਕਰੀਬ ਇੱਕ ਦਰਜਨ ਪਿੰਡਾਂ ਵਿੱਚ ਪਾਣੀ ਭਰਨ ਦਾ ਖਤਰਾ ਹੈ। ਇਸ ਦਾ ਅਸਰ ਤਲਵੰਡੀ ਸਾਬੋ ਸਬ-ਡਿਵੀਜ਼ਨ ਦੇ ਕਈ ਪਿੰਡਾਂ ’ਤੇ ਵੀ ਪੈ ਸਕਦਾ ਹੈ। ਮਾਨਸਾ ਦੇ ਡੀਸੀ ਰਿਸ਼ੀ ਪਾਲ ਸਿੰਘ ਨੇ ਕਿਹਾ ਕਿ 1993 ਤੋਂ ਬਾਅਦ ਪਹਿਲੀ ਵਾਰ ਘੱਗਰ ਦਾ ਪਾਣੀ ਇਸ ਪੱਧਰ ’ਤੇ ਵਧਿਆ ਹੈ। ਉਨ੍ਹਾਂ ਕਿਹਾ ਕਿ ਪਾੜ ਪੂਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰਦੂਲਗੜ੍ਹ ਦੇ ਐੱਸਡੀਐੱਮ ਅਮਰਿੰਦਰ ਸਿੰਘ ਮੱਲ੍ਹੀ ਨੇ ਦੱਸਿਆ ਕਿ ਪਾਣੀ ਦਾ ਵਹਾਅ ਬਹੁਤ ਤੇਜ਼ ਹੋਣ ਕਾਰਨ ਪਾੜ ਨੂੰ ਪੂਰਨ ਵਿੱਚ ਦਿੱਕਤਾਂ ਆ ਰਹੀਆਂ ਹਨ। ਉਧਰ ਚਾਂਦਪੁਰਾ ਸਾਈਫ਼ਨ ਵਿੱਚ ਪਾਣੀ ਦਾ ਪੱਧਰ ਵਧਣ ਮਗਰੋਂ ਤਿੰਨ ਬੰਨ੍ਹ ਟੁੱਟ ਗਏ ਹਨ, ਜਿਨ੍ਹਾਂ ਕਰਕੇ ਜਾਖਲ ਦੇ 12 ਪਿੰਡਾਂ ਵਿੱਚ ਹਾਲਾਤ ਨਾਜ਼ੁਕ ਬਣੇ ਹੋਏ ਹਨ। ਜਾਖਲ ਨੂੰ ਜੋੜਨ ਵਾਲੀਆਂ ਸਾਰੀਆਂ ਸੜਕਾਂ ਟੁੱਟ ਗਈਆਂ ਹਨ, ਜਿਸ ਮਗਰੋਂ ਪਿੰਡ ਕੁਲਰੀਆ ਤੇ ਬਰੇਟਾ ਦੇ ਖੇਤਾਂ ਵਿੱਚ ਪਾਣੀ ਭਰ ਗਿਆ ਹੈ। ਜਾਖਲ ਥਾਣੇ ਤੋਂ ਡੇਰੇ ਤੱਕ ਬਣਿਆ 8 ਫੁੱਟ ਉੱਚਾ ਬੰਨ੍ਹ ਟੁੱਟ ਜਾਣ ਕਾਰਨ ਪਿੰਡ ਚੁਲੜ, ਤਲਵਾੜਾ, ਤਲਵਾੜੀ, ਸਾਧਨਵਾਸ ਵਿੱਚ ਵੀ ਪਾਣੀ ਆ ਗਿਆ ਹੈ। ਰੰਗੋਈ ਨਾਲੇ ਦਾ ਸਕਰਪੁਰਾ ਵੱਲ ਦਾ ਬੰਨ੍ਹ ਟੁੱਟਣ ਕਾਰਨ ਪਿੰਡ ਦੀਵਾਨਾ, ਢੇਰ, ਮਿਉਂਦ ਤੇ ਹੋਰ ਪਿੰਡ ਇਸ ਦੀ ਮਾਰ ਹੇਠ ਆਏ ਹਨ।

ਸਰਦੂਲਗੜ੍ਹ ਦੇ ਰੁੜਕੀ ਪਿੰਡ ’ਚ ਘੱਗਰ ਦਰਿਆ ਵਿੱਚ ਪਿਆ ਪਾੜ। -ਫੋਟੋ: ਪਵਨ ਸ਼ਰਮਾ

ਸਮੱਸਿਆ ਦਾ ਹੱਲ ਛੇਤੀ ਹੋਵੇਗਾ: ਬੁੱਧ ਰਾਮ

ਹਲਕਾ ਬੁਢਲਾਡਾ ਦੇ ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਉਹ ਖੁਦ ਚਾਂਦਪੁਰ ਬੰਨ੍ਹ ’ਤੇ ਪੁੱਜੇ ਹੋਏ ਹਨ ਅਤੇ ਸਾਰੀ ਸਥਿਤੀ ਬਾਰੇ ਜਾਣਕਾਰੀ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਹਰਸੰਭਵ ਕੋਸ਼ਿਸ਼ ਹੈ ਕਿ ਸਮੱਸਿਆ ’ਤੇ ਛੇਤੀ ਕਾਬੂ ਪਾ ਲਿਆ ਜਾਵੇ। ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਫ਼ੌਜ ਦੀ ਸਹਾਇਤਾ ਵੀ ਮੰਗੀ ਗਈ ਹੈ ਤੇ ਕਿਸ਼ਤੀਆਂ ਵੀ ਪਹੁੰਚ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਰਜ਼ੀ ਰਿਹਾਇਸ਼ ਮੁਹੱਈਆ ਕਰਾਉਣ ਲਈ ਟੈਂਟਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

ਸਾਲ 1993 ’ਚ ਵੀ ਹੜ੍ਹਾਂ ਦੀ ਮਾਰ ਝੱਲ ਚੁੱਕੇ ਨੇ ਕਈ ਪਿੰਡ

ਮਾਨਸਾ ਖੇਤਰ ਦੇ ਕਈ ਪਿੰਡ ਸਾਲ 1993 ਵਿੱਚ ਆਏ ਹੜ੍ਹ ਦੀ ਮਾਰ ਝੱਲ ਚੁੱਕੇ ਹਨ। ਪਿੰਡ ਰਿਉਂਦ ਖੁਰਦ, ਰਿਉਂਦ ਕਲਾਂ, ਬੀਰੇ ਵਾਲਾ ਡੋਗਰਾ, ਮੰਘਾਣੀਆਂ, ਗੋਰਖ ਨਾਥ, ਭਾਵਾ, ਭਖੜਿਆਲ ਗੰਢੂ ਕਲਾਂ, ਗੰਢੂ ਖੁਰਦ ਬਾਹਮਣਵਾਲਾ, ਲੱਖੀਵਾਲਾ, ਗਾਮੀਵਾਲਾ, ਤਾਲਵਾਲਾ ਰੋਝਾਂਵਾਲੀ ਆਦਿ ਕਈ ਪਿੰਡ ਅਜਿਹੇ ਹਨ, ਜੋ 1993 ਵਿੱਚ ਆਏ ਹੜ੍ਹਾਂ ਵਿੱਚ ਲਗਪਗ ਪੂਰੀ ਤਰ੍ਹਾਂ ਤਬਾਹ ਹੋ ਗਏ ਸਨ। ਇਨ੍ਹਾਂ ਪਿੰਡਾਂ ਦੇ ਵਸਨੀਕਾਂ ਵਿੱਚ ਹੜ੍ਹ ਦਾ ਮੁੜ ਡਰ ਸਤਾਉਣ ਲੱਗ ਪਿਆ ਹੈ। ਕਿਸਾਨ ਆਗੂ ਦਰਸ਼ਨ ਸਿੰਘ ਮੰਘਾਣੀਆਂ ਤੇ ਅਵਤਾਰ ਸਿੰਘ ਦਹੀਆਂ ਨੇ ਦੱਸਿਆ ਕਿ ਚਾਂਦਪੁਰ ਬੰਨ੍ਹ ਵਿੱਚ ਪਿਆ ਪਾੜ 80 ਫੁੱਟ ਤੱਕ ਫੈਲ ਗਿਆ ਹੈ, ਜਿਸ ਨੂੰ ਪੂਰਨ ਵਿੱਚ ਦਿੱਕਤ ਆ ਰਹੀ ਹੈ।

Advertisement
×