DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੰਗਰੂਰ ਤੇ ਮਾਨਸਾ ਦੇ ਪਿੰਡਾਂ ਲਈ ਖਤਰਾ ਬਣੀ ਘੱਗਰ

ਪ੍ਰਸ਼ਾਸਨ ਵੱਲੋਂ ਦੋ ਦਰਜਨ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੇ ਹੁਕਮ
  • fb
  • twitter
  • whatsapp
  • whatsapp
featured-img featured-img
ਮਾਨਸਾ ਜ਼ਿਲ੍ਹੇ ’ਚ ਚਾਂਦਪੁਰਾ ਬੰਨ੍ਹ ਟੁੱਟਣ ਕਾਰਨ ਪਿੰਡ ਗੋਰਖਨਾਥ ਵਿੱਚ ਭਰਿਆ ਪਾਣੀ। -ਫੋਟੋ: ਜੋਗਿੰਦਰ ਸਿੰਘ ਮਾਨ
Advertisement

ਆਤਿਸ਼ ਗੁਪਤਾ

ਚੰਡੀਗੜ੍ਹ, 16 ਜੁਲਾਈ

Advertisement

ਘੱਗਰ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਜ਼ਿਲ੍ਹਾ ਸੰਗਰੂਰ ਤੇ ਮਾਨਸਾ ਦੇ ਪਿੰਡਾਂ ਲਈ ਖਤਰਾ ਵਧਦਾ ਜਾ ਰਿਹਾ ਹੈ, ਜਿਸ ਕਰਕੇ ਪ੍ਰਸ਼ਾਸਨ ਨੇ ਦੋ ਦਰਜਨ ਦੇ ਕਰੀਬ ਹੋਰ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੇ ਹੁਕਮ ਜਾਰੀ ਕੀਤੇ ਹਨ। ਪੰਜਾਬ ਦੇ ਅੱਧਾ ਦਰਜਨ ਤੋਂ ਵੱਧ ਜ਼ਿਲ੍ਹਿਆਂ ਵਿੱਚ ਅੱਜ ਪਏ ਭਾਰੀ ਮੀਂਹ ਨੇ ਵੀ ਲੋਕਾਂ ਦੀਆਂ ਫਿਕਰਾਂ ਵਧਾ ਦਿੱਤੀਆਂ ਹਨ। ਦੂਜੇ ਪਾਸੇ ਮੌਸਮ ਵਿਭਾਗ ਨੇ 17 ਤੇ 18 ਜੁਲਾਈ ਨੂੰ ਸੂਬੇ ਵਿੱਚ ਰੁਕ-ਰੁਕ ਕੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।

ਮਿਲੀ ਜਾਣਕਾਰੀ ਅਨੁਸਾਰ ਘੱਗਰ ’ਚ ਪਾਣੀ ਲਗਾਤਾਰ ਵਧਦਾ ਜਾ ਰਿਹਾ ਹੈ, ਜਿਸ ਕਰ ਕੇ ਸੰਗਰੂਰ ਤੇ ਮਾਨਸਾ ਜ਼ਿਲ੍ਹਿਆਂ ਦੇ ਪਿੰਡਾਂ ਵਿੱਚ ਖ਼ਤਰਾ ਹੋਰ ਵਧ ਰਿਹਾ ਹੈ। ਬੀਤੇ ਦਿਨ ਮਾਨਸਾ ਜ਼ਿਲ੍ਹੇ ਦੇ ਪਿੰਡ ਰੋੜਕੀ ਵਿੱਚ ਚਾਂਦਪੁਰ ਬੰਨ੍ਹ ’ਚ ਪਿਆ ਪਾੜ ਵੀ ਹੋਰ ਵੱਡਾ ਹੋ ਗਿਆ ਹੈ ਜਿਸ ਕਰਕੇ ਆਲੇ-ਦੁਆਲੇ ਦੇ ਪਿੰਡਾਂ ਦੀ ਸਮੁੱਚੀ ਫਸਲ ਪਾਣੀ ’ਚ ਡੁੱਬ ਗਈ ਤੇ ਲੋਕਾਂ ਦੇ ਘਰਾਂ ਵਿੱਚ ਵੀ ਪਾਣੀ ਭਰ ਗਿਆ ਹੈ। ਘੱਗਰ ਨਦੀ ’ਚ ਪਾਣੀ ਪੱਧਰ ਵਧਣ ਕਾਰਨ ਮਾਨਸਾ ਜ਼ਿਲ੍ਹੇ ’ਚ ਪੰਜ ਹਜ਼ਾਰ ਏਕੜ ਰਕਬਾ ਡੁੱਬ ਗਿਆ ਹੈ। ਚਾਂਦਪੁਰ ਬੰਨ੍ਹ ਦਾ ਪਾੜ ਪਹਿਲਾਂ 80 ਕੁ ਫੁੱਟ ਦੇ ਕਰੀਬ ਸੀ, ਜੋ ਕਿ ਵਧ ਕੇ 150 ਤੋਂ 200 ਫੁੱਟ ’ਤੇ ਪਹੁੰਚ ਗਿਆ ਹੈ। ਇਸ ਪਾੜ ਨੂੰ ਭਰਨ ਲਈ ਦਿਨ ਭਰ ਐੱਨਡੀਆਰਐੱਫ ਦੀਆਂ ਟੀਮਾਂ ਤੇ ਇਲਾਕਾ ਵਾਸੀ ਭਾਰੀ ਮੁਸ਼ੱਕਤ ਕਰਦੇ ਰਹੇ ਹਨ, ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਪਾੜ ਪੂਰਿਆ ਨਹੀਂ ਜਾ ਸਕਿਆ। ਚਾਂਦਪੁਰ ਬੰਨ੍ਹ ਦਾ ਪਾੜ ਵਧਦਾ ਦੇਖ ਕੇ ਪ੍ਰਸ਼ਾਸਨ ਨੇ ਨੇੜਲੇ ਦੇ ਦੋ ਦਰਜਨ ਦੇ ਕਰੀਬ ਪਿੰਡਾਂ ਨੂੰ ਹਾਈ ਅਲਰਟ ’ਤੇ ਰੱਖਦੇ ਹੋਏ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੇ ਹੁਕਮ ਦਿੱਤੇ ਹਨ। ਸੰਗਰੂਰ ਜ਼ਿਲ੍ਹੇ ਵਿੱਚ ਐੱਨਡੀਆਰਐੱਫ ਦੇ ਜਵਾਨਾਂ ਨੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਬਨਾਰਸੀ ਅਤੇ ਖਨੌਰੀ ਨੇੜੇ ਪਏ ਪਾੜ ਪੂਰ ਦਿੱਤੇ ਹਨ। ਪ੍ਰਸ਼ਾਸਨ ਵੱਲੋਂ ਲੋਕਾਂ ਤੱਕ ਲੋੜੀਂਦਾ ਸਾਮਾਨ ਪਹੁੰਚਾਉਣ ਲਈ ਵੀ ਚਾਰਾਜੋਈ ਕੀਤੀ ਜਾ ਰਹੀ ਹੈ। ਅੱਜ ਸੰਗਰੂਰ ਦੇ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ ਪਿੰਡ ਭੂੰਦੜ ਭੈਣੀ ’ਚ ਗਰਭਵਤੀ ਮਹਿਲਾ ਨੂੰ ਐਮਰਜੈਂਸੀ ਡਾਕਟਰੀ ਸਹਾਇਤਾ ਦੀ ਲੋੜ ਪੈਣ ’ਤੇ ਕਿਸ਼ਤੀ ਰਾਹੀਂ ਮਦਦ ਪਹੁੰਚਾਈ। ਇਸ ਦੌਰਾਨ ਮੈਡੀਕਲ ਟੀਮ ਨੇ ਮਹਿਲਾ ਨੂੰ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਅਤੇ ਅਗਲੇ ਇਲਾਜ ਲਈ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਸੰਗਰੂਰ ਪਹੁੰਚਾਇਆ ਗਿਆ। ਮਾਨਸਾ ਦੇ ਡਿਪਟੀ ਕਮਿਸ਼ਨਰ ਡਾ. ਰਿਸ਼ੀਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਚਾਂਦਪੁਰ ਬੰਨ੍ਹ ’ਚ ਪਿਆ ਪਾੜ ਭਰਨ ਲਈ ਫੌਜ ਤੋਂ ਮਦਦ ਮੰਗੀ ਹੈ। ਅੱਜ ਘੱਗਰ ਦਾ ਪਾਣੀ ਪਿੰਡ ਗੋਰਖਨਾਥ, ਚੱਕ ਅਲੀ ਸ਼ੇਰ ਤੇ ਬੀਰੇਵਾਲਾ ਡੋਗਰਾ ਤੱਕ ਪਹੁੰਚ ਗਿਆ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਘੱਗਰ ਦਾ ਪਾਣੀ ਅੱਗੇ ਰਿਓਂਦ ਕਲਾਂ, ਰਿਓਂਦ ਖੁਰਦ, ਗੰਢੂ ਕਲਾਂ, ਗੰਢੂ ਖੁਰਦ, ਗਾਮੀਵਾਲਾ, ਤਾਲਵਾਲਾ ਤੇ ਬਾਹਮਣਵਾਲਾ ਵੱਲ ਵਧ ਰਿਹਾ ਹੈ। ਪਾਣੀ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਇਹ ਅੱਗੇ ਝੁਨੀਰ ਬਲਾਕ ਦੇ 15 ਪਿੰਡਾਂ ਨੂੰ ਲਪੇਟ ’ਚ ਲੈ ਲਵੇਗਾ।

ਮੂਨਕ ’ਚ ਹੜ੍ਹ ਦੀ ਮਾਰ ਹੇਠ ਆਏ ਪਿੰਡ ਭੂੰਦੜ ਭੈਣੀ ’ਚ ਗਰਭਵਤੀ ਔਰਤ ਨੂੰ ਕਿਸ਼ਤੀ ਰਾਹੀਂ ਬਾਹਰ ਲਿਆਉਂਦੀ ਹੋਈ ਮੈਡੀਕਲ ਤੇ ਐਨਡੀਆਰਐਫ਼ ਦੀ ਟੀਮ।
ਮੂਨਕ ’ਚ ਹੜ੍ਹ ਦੀ ਮਾਰ ਹੇਠ ਆਏ ਪਿੰਡ ਭੂੰਦੜ ਭੈਣੀ ’ਚ ਗਰਭਵਤੀ ਔਰਤ ਨੂੰ ਕਿਸ਼ਤੀ ਰਾਹੀਂ ਬਾਹਰ ਲਿਆਉਂਦੀ ਹੋਈ ਮੈਡੀਕਲ ਤੇ ਐਨਡੀਆਰਐਫ਼ ਦੀ ਟੀਮ।

ਸਿਹਤ ਮੰਤਰੀ ਵੱਲੋਂ ਕੈਮਿਸਟਾਂ ਤੇ ਮੈਡੀਕਲ ਐਸੋਸੀਏਸ਼ਨ ਨਾਲ ਮੀਟਿੰਗ

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਮਾਨਸਾ ਪਹੁੰਚ ਕੇ ਇੱਥੋਂ ਦੇ ਕੈਮਿਸਟਾਂ, ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਮਾਨਸਾ ਇਕਾਈ ਤੇ ਸਰਕਾਰੀ ਅਫਸਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਦਵਾਈਆਂ ਤੇ ਮੈਡੀਕਲ ਅਮਲੇ ਦੀ ਕੋਈ ਘਾਟ ਨਹੀਂ ਆਉਣੀ ਚਾਹੀਦੀ।

ਪੰਜਾਬਵਿੱਚ ਅੱਜ ਤੋਂ ਖੁੱਲ੍ਹਣਗੇ ਸਾਰੇ ਸਕੂਲ

ਪੰਜਾਬ ਦੇ ਸਾਰੇ ਸਕੂਲ 17 ਜੁਲਾਈ ਤੋਂ ਆਮ ਵਾਂਗ ਖੁੱਲ੍ਹਣਗੇ। ਇਸ ਗੱਲ ਦਾ ਪ੍ਰਗਟਾਵਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਰਾਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰੀ ਮੀਂਹ ਕਾਰਨ ਰਾਜ ਦੇ ਸਾਰੇ ਸਰਕਾਰੀ, ਅਰਧ ਸਰਕਾਰੀ, ਮਾਨਤਾ ਪ੍ਰਾਪਤ, ਏਡਿਡ ਤੇ ਨਿੱਜੀ ਸਕੂਲਾਂ ’ਚ ਛੁੱਟੀਆਂ ਕੀਤੀਆਂ ਗਈਆਂ ਸਨ। ਸ੍ਰੀ ਬੈਂਸ ਨੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਕੂਲ ਖੋਲ੍ਹਣ ਸਬੰਧੀ ਫੈਸਲਾਂ ਉਹ ਖੁਦ ਲੈ ਸਕਦੇ ਹਨ। ਇਸ ਤੋਂ ਇਲਾਵਾ ਕਿਸੇ ਸਕੂਲ ਜਾਂ ਇਲਾਕੇ ’ਚ ਪਾਣੀ ਭਰਿਆ ਹੋਇਆ ਹੈ ਜਾਂ ਕਿਸੇ ਸਕੂਲ ਦੀ ਇਮਾਰਤ ਨੁਕਸਾਨੀ ਗਈ ਤਾਂ ਉਨ੍ਹਾਂ ਸਕੂਲਾਂ ’ਚ ਛੁੱਟੀ ਕਰਨ ਸਬੰਧੀ ਫ਼ੈਸਲਾ ਵੀ ਡਿਪਟੀ ਕਮਿਸ਼ਨਰ ਲੈ ਸਕਣਗੇ। ਸਿੱਖਿਆ ਮੰਤਰੀ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਦਿੱਤੇ ਕਿ ਉਹ ਪੰਚਾਇਤ ਵਿਭਾਗ, ਸਿੱਖਿਆ ਵਿਭਾਗ, ਸਥਾਨਕ ਸਰਕਾਰ ਵਿਭਾਗ, ਸਿੰਜਾਈ ਵਿਭਾਗ, ਲੋਕ ਨਿਰਮਾਣ ਤੇ ਹੋਰਨਾਂ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਕੇ ਇਹ ਯਕੀਨੀ ਬਣਾਉਣ ਕਿ ਸਰਕਾਰੀ, ਏਡਿਡ, ਮਾਨਤਾ ਪ੍ਰਾਪਤ ਤੇ ਪ੍ਰਾਈਵੇਟ ਸਕੂਲਾਂ ਦੀਆਂ ਇਮਾਰਤਾਂ ਵਿਦਿਆਰਥੀਆਂ ਲਈ ਸੁਰੱਖਿਅਤ ਹਨ। ਉਨ੍ਹਾਂ ਸਕੂਲਾਂ ਦੇ ਮੁਖੀ ਤੇ ਪ੍ਰਬੰਧਕਾਂ ਨੂੰ ਹਦਾਇਤਾਂ ਕੀਤੀ ਕਿ ਉਹ ਆਪਣੇ ਪੱਧਰ ’ਤੇ ਯਕੀਨੀ ਬਣਉਣ ਕਿ ਸਕੂਲ ਇਮਾਰਤਾਂ ਵਿਦਿਆਰਥੀਆਂ ਵਾਸਤੇ ਸੁਰੱਖਿਅਤ ਹਨ। ਸਿੱਖਿਆ ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਲਈ ਸਕੂਲ ਮੁਖੀ ਤੇ ਸਕੂਲ ਪ੍ਰਬੰਧਕ ਜ਼ਿੰਮੇਵਾਰ ਹੋਣਗੇ।

ਡੈਮਾਂ ’ਚ ਪਾਣੀ ਦਾ ਪੱਧਰ ਵਧਿਆ

ਪੰਜਾਬ ਦੇ ਤਿੰਨ ਡੈਮਾਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਰਣਜੀਤ ਸਾਗਰ ਡੈੱਮ ’ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਸਿਰਫ਼ 14.44 ਫੁਟ ਹੇਠਾਂ ਹੈ ਜਦਕਿ ਪੌਂਗ ਡੈੱਮ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ 20 ਫੁੱਟ ਅਤੇ ਭਾਖੜਾ ਡੈਮ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ 41 ਫੁੱਟ ਹੇਠਾਂ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਣਜੀਤ ਸਾਗਰ ਡੈਮ ’ਚ ਪਾਣੀ 1716.56 ਫੁੱਟ ’ਤੇ ਹੈ, ਜਦਕਿ ਖਤਰੇ ਦਾ ਨਿਸ਼ਾਨ 1731 ਫੁੱਟ ’ਤੇ ਹੈ। ਪੌਂਗ ਡੈਮ ਵਿੱਚ ਪਾਣੀ 1370.22 ਫੁੱਟ ਹੈ ਅਤੇ ਖਤਰੇ ਦਾ ਨਿਸ਼ਾਨ 1390 ਫੁੱਟ ’ਤੇ ਹੈ। ਭਾਖੜਾ ਡੈਮ ਵਿੱਚ ਪਾਣੀ 1639.22 ਫੁੱਟ ਦਰਜ ਕੀਤਾ ਹੈ ਜਦਕਿ ਖਤਰੇ ਦਾ ਨਿਸ਼ਾਨ 1680 ਫੁੱਟ ਹੈ। ਬੀਬੀਐੱਮਬੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਡੈਮਾਂ ਵਿੱਚ ਲਗਾਤਾਰ ਪਾਣੀ ਵਧਣ ਕਰਕੇ ਉਨ੍ਹਾਂ ਕੋਲ ਪਾਣੀ ਛੱਡਣ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਹੈ। ਇਸੇ ਕਰਕੇ ਬੀਬੀਐੱਮਬੀ ਨੇ ਪੌਂਗ ਡੈਮ ਤੋਂ 22300 ਕਿਊਸਿਕ ਪਾਣੀ ਛੱਡਿਆ ਹੈ।

ਯਮੁਨਾ ਦਾ ਪੱਧਰ ਘਟਣ ਮਗਰੋਂ ਘਰਾਂ ਨੂੰ ਮੁੜਨ ਲੱਗੇ ਲੋਕ

ਯਮੁਨਾ ਦਾ ਪਾਣੀ ਘਟਣ ਤੋਂ ਬਾਅਦ ਆਪਣੇ ਘਰ ਦਾ ਬਚਿਆ ਸਾਮਾਨ ਸੰਭਾਲਦੀ ਹੋਈ ਇੱਕ ਔਰਤ। -ਫੋਟੋ: ਪੀਟੀਆਈ
ਯਮੁਨਾ ਦਾ ਪਾਣੀ ਘਟਣ ਤੋਂ ਬਾਅਦ ਆਪਣੇ ਘਰ ਦਾ ਬਚਿਆ ਸਾਮਾਨ ਸੰਭਾਲਦੀ ਹੋਈ ਇੱਕ ਔਰਤ। -ਫੋਟੋ: ਪੀਟੀਆਈ

ਨਵੀਂ ਦਿੱਲੀ, 16 ਜੁਲਾਈ

ਪਿਛਲੇ ਕੁਝ ਦਿਨਾਂ ਤੋਂ ਮੀਂਹ ਨਾ ਪੈਣ ਕਾਰਨ ਯਮੁਨਾ ਨਦੀ ’ਚ ਪਾਣੀ ਦਾ ਪੱਧਰ ਘਟਣ ਤੋਂ ਬਾਅਦ ਉੱਤਰੀ ਦਿੱਲੀ ਦੇ ਲੋਕ ਆਪਣੇ ਘਰਾਂ ਤੇ ਦੁਕਾਨਾਂ ਵੱਲ ਮੁੜਨ ਲੱਗੇ ਹਨ। ਇਹ ਲੋਕ ਹੜ੍ਹਾਂ ਮਗਰੋਂ ਆਪਣੇ ਘਰ ਤੇ ਦੁਕਾਨਾਂ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਚਲੇ ਗਏ ਸਨ। ਕੁਝ ਲੋਕ ਕਸ਼ਮੀਰੀ ਗੇਟ ਨੇੜੇ ਮੌਨੈਸਟਰੀ ਬਾਜ਼ਾਰ ’ਚ ਆਪਣੀਆਂ ਦੁਕਾਨਾਂ ਦਾ ਜਾਇਜ਼ਾ ਲੈਣ ਪੁੱਜੇ ਜਿੱਥੇ ਪਿਛਲੇ ਹਫ਼ਤੇ ਭਾਰੀ ਮੀਂਹ ਤੋਂ ਬਾਅਦ ਹੜ੍ਹ ਆ ਗਿਆ ਸੀ ਤੇ ਲੋਕਾਂ ਨੂੰ ਰਾਹਤ ਕੈਂਪਾਂ ’ਚ ਪਨਾਹ ਲੈਣੀ ਪਈ ਸੀ। ਹੜ੍ਹ ਕਾਰਨ ਪ੍ਰਸ਼ਾਸਨ ਨੂੰ ਆਈਟੀਓ ਬੈਰਾਜ ਦੇ ਜਾਮ ਹੋ ਚੁੱਕੇ ਗੇਟ ਖੋਲ੍ਹਣ ਲਈ ਜਲ ਸੈਨਾ ਦੀ ਮਦਦ ਲੈਣੀ ਪਈ ਸੀ। ਜਲ ਸੈਨਾ ਨੇ ਲੰਘੇ ਸ਼ੁੱਕਰਵਾਰ ਨੂੰ ਇੱਕ ਗੇਟ ਖੋਲ੍ਹ ਦਿੱਤਾ ਜਦਕਿ 32 ’ਚੋਂ ਚਾਰ ਗੇਟ ਅਜੇ ਵੀ ਜਾਮ ਹਨ। ਜ਼ਿਕਰਯੋਗ ਹੈ ਕਿ ਯਮੁਨਾ ’ਚ ਪਾਣੀ ਦਾ ਪੱਧਰ ਬੀਤੇ ਦਿਨ ਘਟਣਾ ਸ਼ੁਰੂ ਹੋਇਆ ਸੀ ਪਰ ਦੇਰ ਸ਼ਾਮ ਮੀਂਹ ਪੈਣ ਕਾਰਨ ਕਈ ਸੜਕਾਂ ’ਤੇ ਪਾਣੀ ਭਰਨ ਕਾਰਨ ਸਥਿਤੀ ਹੋਰ ਵਿਗੜ ਗਈ ਸੀ। ਇਸੇ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹੜ੍ਹ ਕਾਰਨ ਪ੍ਰਭਾਵਿਤ ਪਰਿਵਾਰਾਂ ਨੂੰ 10-10 ਹਜ਼ਾਰ ਰੁਪਏ ਦੀ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਹੈ। ਸਰਕਾਰ ਨੇ ਇਹ ਐਲਾਨ ਵੀ ਕੀਤਾ ਕਿ ਹੜ੍ਹਾਂ ਦੌਰਾਨ ਜਿਨ੍ਹਾਂ ਦੇ ਆਧਾਰ ਕਾਰਡ ਤੇ ਹੋਰ ਅਹਿਮ ਦਸਤਾਵੇਜ਼ ਗੁਆਚ ਗਏ ਹਨ ਉਨ੍ਹਾਂ ਲਈ ਵਿਸ਼ੇਸ਼ ਕੈਂਪ ਲਾਏ ਜਾਣਗੇ ਅਤੇ ਬੱਚਿਆਂ ਲਈ ਸਕੂਲੀ ਕਿਤਾਬਾਂ ਤੇ ਕੱਪੜਿਆਂ ਦਾ ਬੰਦੋਬਸਤ ਕੀਤਾ ਜਾਵੇਗਾ। -ਪੀਟੀਆਈ

Advertisement
×