DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਘੱਗਰ ਤੇ ਸਤਲੁਜ ਨੇ ਹੁਣ ਵਜਾਈ ਖ਼ਤਰੇ ਦੀ ਘੰਟੀ

ਸਰਕਾਰ ਨੇ ਬੀਬੀਐਮਬੀ ਨੂੰ ਭਾਖੜਾ ਡੈਮ ’ਚੋਂ ਹੋਰ ਪਾਣੀ ਛੱਡਣ ਤੋਂ ਰੋਕਿਆ; ਅਗਲੇ 48 ਘੰਟੇ ਨਾਜ਼ੁਕ; ਸਕੂਲਾਂ ਤੋਂ ਬਾਅਦ ਕਾਲਜ, ਯੂਨੀਵਰਸਿਟੀਆਂ ਅਤੇ ਹੋਰ ਵਿਦਿਅਕ ਅਦਾਰੇ ਵੀ ਭਲਕੇ ਤੱਕ ਬੰਦ; ਮੀਂਹ ਨੇ ਮੁਸੀਬਤ ਵਧਾੲੀ; ਲੁਧਿਆਣਾ ਦਾ ਬੁੱਢਾ ਨਾਲਾ ਵੀ ਓਵਰਫਲੋਅ
  • fb
  • twitter
  • whatsapp
  • whatsapp
featured-img featured-img
ਅੰਮ੍ਰਿਤਸਰ ਵਿੱਚ ਰਾਮਦਾਸ ਸੜਕ ’ਤੇ ਖੜ੍ਹੇ ਪਾਣੀ ’ਚੋਂ ਮੋਟਰਸਾਈਕਲ ਧੂਹ ਕੇ ਲਿਆਂਦੇ ਹੋਏ ਵਿਅਕਤੀ। -ਫੋਟੋ: ਵਿਸ਼ਾਲ ਕੁਮਾਰ
Advertisement
ਪੰਜਾਬ ’ਚ ਹੁਣ ਘੱਗਰ ਤੇ ਸਤਲੁਜ ਦਰਿਆ ਨੇ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ ਜਿਸ ਨਾਲ ਸੂਬੇ ਦੇ ਕਰੀਬ ਇੱਕ ਦਰਜਨ ਜ਼ਿਲ੍ਹੇ ਹੜ੍ਹਾਂ ਦੀ ਲਪੇਟ ’ਚ ਆ ਗਏ ਹਨ। ਰਾਵੀ ਦਰਿਆ ਦਾ ਪਾਣੀ ਹਾਲੇ ਸ਼ੂਕ ਹੀ ਰਿਹਾ ਹੈ ਤਾਂ ਉਧਰ ਭਾਰੀ ਬਾਰਸ਼ ਕਾਰਨ ਘੱਗਰ ਵੀ ਨੱਕੋ-ਨੱਕ ਭਰ ਗਿਆ ਹੈ। ਘੱਗਰ ਦੇ ਆਸ-ਪਾਸ ਵਸਦੇ ਸੈਂਕੜੇ ਪਿੰਡਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਆਉਂਦੇ ਦਸ ਦਿਨਾਂ ’ਚ ਘੱਗਰ ਦਾ ਡਰਾਉਣਾ ਰੂਪ ਮੁੜ ਦਿਖ ਸਕਦਾ ਹੈ। ਬੀਬੀਐੱਮਬੀ ਦੀ ਅੱਜ ਹੋਈ ਐਮਰਜੈਂਸੀ ਮੀਟਿੰਗ ’ਚ ਸੂਬਾ ਸਰਕਾਰ ਨੇ ਉਸ ਨੂੰ ਭਾਖੜਾ ਡੈਮ ’ਚੋਂ ਸਤਲੁਜ ਦਰਿਆ ’ਚ ਹੋਰ ਪਾਣੀ ਛੱਡਣ ਤੋਂ ਰੋਕ ਦਿੱਤਾ ਅਤੇ ਪੌਂਗ ਡੈਮ ’ਚੋਂ ਬਿਆਸ ’ਚ ਘੱਟ ਪਾਣੀ ਛੱਡਣ ਲਈ ਰਜ਼ਾਮੰਦ ਕਰ ਲਿਆ ਹੈ। ਸਰਕਾਰ ਨੇ ਹੜ੍ਹਾਂ ਦੇ ਮੱਦੇਨਜ਼ਰ ਸਕੂਲਾਂ ਤੋਂ ਇਲਾਵਾ ਹੁਣ ਸਾਰੇ ਕਾਲਜਾਂ, ਯੂਨੀਵਰਸਿਟੀਆਂ ਅਤੇ ਬਹੁ-ਤਕਨੀਕੀ ਸੰਸਥਾਵਾਂ ਨੂੰ ਤਿੰਨ ਸਤੰਬਰ ਤੱਕ ਬੰਦ ਕਰਨ ਦਾ ਐਲਾਨ ਕੀਤਾ ਹੈ।

ਘੱਗਰ ’ਚ ਅੱਜ ਸਵੇਰੇ 45,343 ਕਿਊਸਕ ਪਾਣੀ ਆਉਣ ਨਾਲ ਮਾਲਵਾ ਖ਼ਿੱਤਾ ਸਹਿਮ ਗਿਆ ਹੈ। ਹਰਿਆਣਾ ’ਚੋਂ ਟਾਂਗਰੀ ਅਤੇ ਮਾਰਕੰਡਾ ਦਾ ਪਾਣੀ ਵੀ ਘੱਗਰ ’ਚ ਸ਼ਾਮਲ ਹੋਣ ਕਰਕੇ ਖ਼ਤਰੇ ਦਾ ਖੇਤਰਫਲ ਵਧ ਗਿਆ ਹੈ। ਦੇਵੀਗੜ੍ਹ ਕੋਲ ਟਾਂਗਰੀ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਚਲੀ ਗਈ ਹੈ। ਦੇਵੀਗੜ੍ਹ ਕੋਲ 40,257 ਕਿਊਸਕ ਪਾਣੀ ਚੱਲ ਰਿਹਾ ਹੈ।

Advertisement

ਖਨੌਰੀ ਕੋਲ ਵੀ ਘੱਗਰ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਹੈ ਜਦੋਂ ਕਿ ਸਰਦੂਲਗੜ੍ਹ ਕੋਲ 24,160 ਕਿਊਸਕ ਪਾਣੀ ਚੱਲ ਰਿਹਾ ਹੈ। ਆਉਂਦੇ ਦਿਨ ਮੁਹਾਲੀ, ਪਟਿਆਲਾ, ਸੰਗਰੂਰ ਅਤੇ ਮਾਨਸਾ ਜ਼ਿਲ੍ਹਿਆਂ ਲਈ ਪ੍ਰੀਖਿਆ ਤੋਂ ਘੱਟ ਨਹੀਂ ਹੋਣਗੇ। ਰਾਜਪੁਰਾ ਦੇ ਪਿੰਡਾਂ ਲਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਘੱਗਰ ਦੇ ਓਵਰਫਲੋਅ ਹੋਣ ਨਾਲ ਪਟਿਆਲਾ ਜ਼ਿਲ੍ਹੇ ’ਚ 1750 ਏਕੜ ਅਤੇ ਮੁਹਾਲੀ ’ਚ 534 ਏਕੜ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ। ਰੋਪੜ ਦੇ ਇਲਾਕੇ ’ਚ ਭਾਰੀ ਬਾਰਸ਼ ਹੋਣ ਕਾਰਨ ਸਤਲੁਜ ’ਚ ਸਥਾਨਕ ਪਾਣੀ ਹੀ 80 ਹਜ਼ਾਰ ਕਿਊਸਕ ਤੋਂ ਵੱਧ ਸ਼ਾਮਲ ਹੋ ਗਿਆ ਜਦੋਂ ਕਿ ਭਾਖੜਾ ਡੈਮ ਤੋ ਵੀ 55 ਹਜ਼ਾਰ ਕਿਊਸਕ ਪਾਣੀ ਛੱਡਿਆ ਜਾ ਰਿਹਾ ਸੀ।

ਸਤਲੁਜ ’ਚ ਪਾਣੀ ਵਧਣ ਨਾਲ ਗਿੱਦੜਵਿੰਡੀ ਬੰਨ੍ਹ ’ਤੇ ਸਰਕਾਰ ਨੇ ਫੋਕਸ ਕਰਨਾ ਸ਼ੁਰੂ ਕਰ ਦਿੱਤਾ ਹੈ। ਬਿਆਸ ਦਰਿਆ ’ਚ ਪੌਂਗ ਡੈਮ ਤੋਂ ਔਸਤਨ ਇੱਕ ਲੱਖ ਕਿਊਸਕ ਪਾਣੀ ਚੱਲ ਰਿਹਾ ਹੈ। ਢਿੱਲਵਾਂ ਕੋਲ ਬਿਆਸ ਦਰਿਆ ’ਚ ਪਾਣੀ ਸਵਾ ਦੋ ਲੱਖ ਕਿਊਸਕ ਦੇ ਕਰੀਬ ਹੋ ਗਿਆ ਹੈ। ਸਤਲੁਜ ਤੇ ਬਿਆਸ ਦਾ ਪਾਣੀ ਇਕੱਠਾ ਹੋਣ ਦੀ ਸੂਰਤ ’ਚ ਅਗਲੇ 48 ਘੰਟਿਆਂ ’ਚ ਹਰੀਕੇ ਵਿਖੇ ਪਾਣੀ ਵਧੇਗਾ ਜਿਸ ਦੇ ਖ਼ਤਰੇ ਨੂੰ ਦੇਖਦਿਆਂ ਭਾਖੜਾ ਡੈਮ ਤੋਂ ਸਤਲੁਜ ਦਰਿਆ ’ਚ ਛੱਡੇ ਜਾਣ ਵਾਲੇ ਪਾਣੀ ਨੂੰ ਘਟਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਪੌਂਗ ਡੈਮ ਇਸ ਵੇਲੇ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਚਲਾ ਗਿਆ ਹੈ। ਮੌਸਮ ਵਿਭਾਗ ਨੇ ਮੰਗਲਵਾਰ ਨੂੰ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਭਾਖੜਾ ਡੈਮ ’ਚ ਪਹਾੜਾਂ ’ਚੋਂ ਸਵਾ ਲੱਖ ਕਿਊਸਕ ਤੋਂ ਜ਼ਿਆਦਾ ਪਾਣੀ ਆ ਰਿਹਾ ਹੈ ਜਦੋਂ ਕਿ ਸੰਭਾਵਨਾ ਇੱਕ ਲੱਖ ਕਿਊਸਕ ਦੀ ਕੀਤੀ ਜਾ ਰਹੀ ਸੀ। ਭਾਖੜਾ ਡੈਮ ’ਚ ਪਾਣੀ ਦਾ ਪੱਧਰ 1676 ਫੁੱਟ ’ਤੇ ਪਹੁੰਚ ਗਿਆ ਹੈ ਅਤੇ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ ਚਾਰ ਫੁੱਟ ਜਗ੍ਹਾ ਬਾਕੀ ਬਚੀ ਹੈ। ਰਾਵੀ ਦਰਿਆ ਦੇ ਝੰਬੇ ਮਾਝੇ ਦੇ ਇਲਾਕੇ ਹਾਲੇ ਕਹਿਰ ’ਚੋਂ ਉੱਭਰ ਨਹੀਂ ਸਕੇ ਹਨ। ਗੁਰਦਾਸਪੁਰ ਦੇ ਕਾਫ਼ੀ ਪਿੰਡਾਂ ਦਾ ਹਾਲੇ ਵੀ ਸੰਪਰਕ ਟੁੱਟਿਆ ਹੋਇਆ ਹੈ। ਹੜ੍ਹਾਂ ਦੀ ਲਪੇਟ ’ਚ ਆਉਣ ਕਾਰਨ ਮ੍ਰਿਤਕਾਂ ਦੀ ਗਿਣਤੀ 29 ਹੋ ਗਈ ਹੈ ਜਦੋਂ ਕਿ ਪਠਾਨਕੋਟ ’ਚ ਤਿੰਨ ਵਿਅਕਤੀ ਲਾਪਤਾ ਹਨ। ਲੁਧਿਆਣਾ ਦਾ ਬੁੱਢਾ ਨਾਲਾ ਵੀ ਅੱਜ ਓਵਰਫਲੋਅ ਹੋ ਗਿਆ ਹੈ। ਬਰਨਾਲਾ, ਜਲੰਧਰ, ਮਾਨਸਾ, ਅੰਮ੍ਰਿਤਸਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਮੋਗਾ, ਮੁਹਾਲੀ ਤੇ ਪਠਾਨਕੋਟ ਜ਼ਿਲ੍ਹੇ ਹੜ੍ਹਾਂ ਤੋਂ ਪ੍ਰਭਾਵਿਤ ਹਨ ਅਤੇ ਕਰੀਬ 2.56 ਲੱਖ ਲੋਕ ਹੜ੍ਹਾਂ ਦਾ ਖ਼ਮਿਆਜ਼ਾ ਭੁਗਤ ਰਹੇ ਹਨ। ਸਰਕਾਰੀ ਰਿਪੋਰਟ ’ਚ 1044 ਪਿੰਡ ਹੜ੍ਹਾਂ ਦੀ ਲਪੇਟ ’ਚ ਦੱਸੇ ਜਾ ਰਹੇ ਹਨ। ਪੰਜਾਬ ਸਰਕਾਰ ਨੇ 15,688 ਲੋਕਾਂ ਨੂੰ ਪਾਣੀ ’ਚੋਂ ਬਚਾਏ ਜਾਣ ਦੀ ਗੱਲ ਆਖੀ ਹੈ ਅਤੇ 129 ਰਾਹਤ ਕੈਂਪਾਂ ’ਚ 7144 ਲੋਕ ਪਹੁੰਚੇ ਹਨ। ਪਸ਼ੂ ਪਾਲਣ ਮਹਿਕਮੇ ਦੀ ਰਿਪੋਰਟ ਅਨੁਸਾਰ ਅੰਮ੍ਰਿਤਸਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ ਅਤੇ ਪਠਾਨਕੋਟ ਜ਼ਿਲ੍ਹਿਆਂ ’ਚ 57 ਹਜ਼ਾਰ ਪਸ਼ੂ ਪ੍ਰਭਾਵਿਤ ਹੋਏ ਹਨ ਜਦੋਂ ਕਿ 26 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਰਾਹਤ ਕੰਮਾਂ ’ਚ ਸਿਆਸੀ ਆਗੂ ਅਤੇ ਅਫ਼ਸਰ ਵੀ ਜੁਟੇ ਹੋਏ ਹਨ। ਅਜਨਾਲਾ ਹਲਕੇ ’ਚ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਅਤੇ ਜ਼ਿਲ੍ਹਾ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਔਖ ਦੀ ਘੜੀ ’ਚ ਖੜ੍ਹਨ ਨੂੰ ਲੈ ਕੇ ਲੋਕਾਂ ਵੱਲੋਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਸੂਬੇ ਦੇ ਨਾਮੀ ਕਲਾਕਾਰ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆ ਗਏ ਹਨ। ਫ਼ੌਜ ਦੇ ਸੀਨੀਅਰ ਅਫ਼ਸਰਾਂ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਪੰਜਾਬ, ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ’ਚ ਪੰਜ ਹਜ਼ਾਰ ਲੋਕਾਂ ਦੀ ਜਾਨ ਬਚਾਏ ਜਾਣ ਦਾ ਦਾਅਵਾ ਕੀਤਾ ਹੈ। ਪੰਜਾਬ ਸਰਕਾਰ ਅਨੁਸਾਰ ਸੂਬੇ ’ਚ ਹੜ੍ਹ ਪੀੜਤਾਂ ਦੀ ਮਦਦ ’ਚ ਹਵਾਈ ਫ਼ੌਜ ਦੇ 30-35 ਹੈਲੀਕਾਪਟਰ ਜੁਟੇ ਹੋਏ ਹਨ। ਐੱਨ ਡੀ ਆਰ ਐੱਫ ਦੀਆਂ 20 ਟੀਮਾਂ ਵੀ ਬਚਾਅ ਕਾਰਜਾਂ ’ਚ ਜੁਟੀਆਂ ਹੋਈਆਂ ਹਨ।

ਮੈਮੋਰੰਡਮ ਤਿਆਰ ਕਰਨ ’ਚ ਜੁਟੀ ਸਰਕਾਰ

ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਕੋਲ ਹੜ੍ਹਾਂ ਨਾਲ ਹੋਣ ਵਾਲੇ ਨੁਕਸਾਨ ਦੀ ਭਰਪਾਈ ਲਈ ਮੈਮੋਰੰਡਮ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ। ਮਾਲ ਵਿਭਾਗ ਨੇ ਸਾਰੇ ਸਰਕਾਰੀ ਵਿਭਾਗਾਂ ਨੂੰ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਸੂਚੀ ਤਿਆਰ ਕਰਨ ਵਾਸਤੇ ਨਿਰਦੇਸ਼ ਜਾਰੀ ਕੀਤੇ ਹਨ। ਲੋਕਾਂ ਦੇ ਜਾਨੀ-ਮਾਲੀ ਨੁਕਸਾਨ ਤੋਂ ਇਲਾਵਾ ਹੜ੍ਹਾਂ ਕਾਰਨ ਪੰਜਾਬ ਦੇ ਬੁਨਿਆਦੀ ਢਾਂਚੇ ਨੂੰ ਪਹੁੰਚੇ ਨੁਕਸਾਨ ਦੀ ਪੂਰਤੀ ਲਈ ਕੇਂਦਰ ਤੋਂ ਪੈਕੇਜ ਦੀ ਮੰਗ ਕੀਤੇ ਜਾਣ ਦੀ ਸੰਭਾਵਨਾ ਹੈ। ਮੈਮੋਰੰਡਮ ਮਿਲਣ ਮਗਰੋਂ ਹੀ ਕੇਂਦਰ ਦੀ ਟੀਮ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਸਕਦੀ ਹੈ।

ਚਾਰ ਲੱਖ ਏਕੜ ਰਕਬਾ ਡੁੱਬਿਆ

ਖੇਤੀ ਮਹਿਕਮੇ ਦੀ ਰਿਪੋਰਟ ਅਨੁਸਾਰ ਪੰਜਾਬ ’ਚ ਹੁਣ ਤੱਕ 4.01 ਲੱਖ ਏਕੜ ਰਕਬਾ ਹੜ੍ਹਾਂ ਦੇ ਪਾਣੀ ’ਚ ਡੁੱਬ ਗਿਆ ਹੈ। ਜ਼ਿਲ੍ਹਾ ਗੁਰਦਾਸਪੁਰ ਦਾ ਕਰੀਬ ਇੱਕ ਲੱਖ ਏਕੜ ਰਕਬਾ ਪ੍ਰਭਾਵਿਤ ਹੋਇਆ ਹੈ ਜਦੋਂ ਕਿ ਮਾਨਸਾ ਜ਼ਿਲ੍ਹੇ ਦਾ 55,607 ਏਕੜ ਰਕਬਾ ਲਪੇਟ ’ਚ ਆਇਆ ਹੈ। ਫ਼ਾਜ਼ਿਲਕਾ ’ਚ 41,548 ਏਕੜ, ਅੰਮ੍ਰਿਤਸਰ ’ਚ 67,384 ਏਕੜ ਅਤੇ ਕਪੂਰਥਲਾ ’ਚ 35,480 ਏਕੜ ਰਕਬਾ ਪਾਣੀ ’ਚ ਡੁੱਬ ਗਿਆ ਹੈ। ਮੱਕੀ, ਕਪਾਹ, ਗੰਨੇ ਅਤੇ ਝੋਨੇ ਦੀ ਫ਼ਸਲ ਵਧੇਰੇ ਮਾਰ ਹੇਠ ਆਈ ਹੈ।

Advertisement
×