ਅਮਿੱਟ ਛਾਪ ਛੱਡਦਾ ਗ਼ਦਰੀ ਬਾਬਿਆਂ ਦਾ ਮੇਲਾ ਸਮਾਪਤ
ਅਮੋਲਕ ਸਿੰਘ ਦਾ ਲਿਖਿਆ ਝੰਡੇ ਦਾ ਗੀਤ ‘ਗ਼ਦਰੀ ਫੁੱਲ ਖਿੜਦੇ ਰਹਿਣਗੇ’ ਰਿਹਾ ਖਿੱਚ ਦਾ ਕੇਂਦਰ
ਦੇਸ਼ ਭਗਤ ਯਾਦਗਾਰ ਹਾਲ ਵਿੱਚ ਕਰਵਾਇਆ ਗਿਆ 34ਵਾਂ ਗ਼ਦਰੀ ਬਾਬਿਆਂ ਦਾ ਮੇਲਾ ਆਪਣੇ ਆਖਰੀ ਅਤੇ ਸਿਖਰਲੇ ਦਿਨ ਨਵੀਆਂ ਪੁਲਾਂਘਾਂ ਭਰਦਾ ਹੋਇਆ ਵੱਡੀ ਗਿਣਤੀ ਲੋਕਾਂ ਦੇ ਮਨਾਂ ’ਤੇ ਗ਼ਦਰੀ ਵਿਰਾਸਤ ਅਤੇ ਲੋਕ-ਪੱਖੀ ਸੱਭਿਆਚਾਰ ਦੀ ਅਮਿੱਟ ਛਾਪ ਛੱਡ ਗਿਆ।
ਕਮੇਟੀ ਮੈਂਬਰ ਕੁਲਬੀਰ ਸਿੰਘ ਸੰਘੇੜਾ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਆਪਣੇ ਭਾਸ਼ਣ ਵਿੱਚ ਉਨ੍ਹਾਂ ਨੇ ਗ਼ਦਰ ਲਹਿਰ ਦੀ ਮੌਜੂਦਾ ਸਮੇਂ ਵਿੱਚ ਪ੍ਰਾਸੰਗਿਕਤਾ ਨੂੰ ਉਭਾਰਦਿਆਂ ਇਸ ਦੀ ਮੁੱਲਵਾਨ ਵਿਰਾਸਤ ਤੋਂ ਸਿੱਖਣ ਅਤੇ ਇਸ ਦਾ ਝੰਡਾ ਹਮੇਸ਼ਾ ਬੁਲੰਦ ਰੱਖਣ ਦਾ ਸੁਨੇਹਾ ਦਿੱਤਾ। ਇਸ ਤੋਂ ਪਹਿਲਾਂ ਕਮੇਟੀ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਸਵਾਗਤੀ ਸ਼ਬਦਾਂ ਰਾਹੀਂ ਗ਼ਦਰ ਲਹਿਰ ਦੀ ਨਰੋਈ ਪਰੰਪਰਾ ਨੂੰ ਮਨਾਂ ਵਿੱਚ ਵਸਾਉਣ ਦਾ ਸੱਦਾ ਦਿੱਤਾ, ਜਦਕਿ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਕਿਹਾ ਕਿ ਸਾਮਰਾਜੀ ਦਾਬੇ ਤੋਂ ਮੁਕਤ ਭਾਰਤ ਸਿਰਜਣ ਲਈ ਗ਼ਦਰੀ ਲਹਿਰ ਅੱਜ ਵੀ ਮਾਰਗ ਦਰਸ਼ਕ ਹੈ।
ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਦਾ ਲਿਖਿਆ ਨਾਟ-ਓਪੇਰਾ ਝੰਡੇ ਦਾ ਗੀਤ ‘ਗ਼ਦਰੀ ਫੁੱਲ ਖਿੜਦੇ ਰਹਿਣਗੇ’ ਖਿੱਚ ਦਾ ਕੇਂਦਰ ਰਿਹਾ। ਸੱਤਪਾਲ ਬੰਗਾ ਪਟਿਆਲਾ ਦੇ ਨਿਰਦੇਸ਼ਨ ਹੇਠ ਪੰਜਾਬ ਦੀਆਂ ਦਰਜਨਾਂ ਨਾਟ-ਮੰਡਲੀਆਂ ਅਤੇ ਮਿਹਨਤਕਸ਼ ਲੋਕਾਂ ਦੇ ਪਰਿਵਾਰਾਂ ’ਚੋਂ ਆਏ 100 ਤੋਂ ਵੱਧ ਕਲਾਕਾਰਾਂ, ਖਾਸ ਕਰਕੇ ਬਾਲ ਕਲਾਕਾਰਾਂ ਨੇ ਇਸ ਪੇਸ਼ਕਾਰੀ ਨਾਲ ਸਮਾਂ ਬੰਨ੍ਹ ਦਿੱਤਾ।
ਇਸ ਮੌਕੇ ਕਮੇਟੀ ਵੱਲੋਂ ਸੋਵੀਨਰ ਅਤੇ ਪੁਸਤਕ ‘ਰਘਬੀਰ ਕੌਰ ਐੱਮ.ਐੱਲ.ਏ’ ਲੋਕ ਅਰਪਣ ਕੀਤੀ ਗਈ। ਲੋਕ ਸੰਗੀਤ ਮੰਡਲੀ ਭਦੌੜ ਅਤੇ ਗੜ੍ਹਦੀਵਾਲਾ ਨੇ ਆਪਣੇ ਇਨਕਲਾਬੀ ਗੀਤਾਂ ਨਾਲ ਰੰਗ ਬੰਨ੍ਹਿਆ। ਇਸ ਤੋਂ ਇਲਾਵਾ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵੱਲੋਂ ਹਰਕੇਸ਼ ਚੌਧਰੀ ਦਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਗਿਆ ਨਾਟਕ ‘ਧਰਤ ਵੰਗਾਰੇ ਤਖ਼ਤ ਨੂੰ’ ਖੇਡਿਆ ਗਿਆ। ਇਸ ਤੋਂ ਬਾਅਦ ਸਾਰੀ ਰਾਤ ਚੱਲਣ ਵਾਲੇ ਨਾਟਕਾਂ ਅਤੇ ਗੀਤ-ਸੰਗੀਤ ਦੇ ਪ੍ਰੋਗਰਾਮ ਦੀ ਸ਼ੁਰੂਆਤ ਹੋਈ।

