ਦੀਰ ਅਲ-ਬਲਾਹ (ਗਾਜ਼ਾ ਪੱਟੀ), 28 ਜੂਨ
ਗਾਜ਼ਾ ਵਿੱਚ ਇਜ਼ਰਾਈਲ ਵੱਲੋਂ ਕੀਤੇ ਨਵੇਂ ਹਮਲਿਆਂ ਵਿੱਚ ਘੱਟੋ-ਘੱਟ 72 ਵਿਅਕਤੀਆਂ ਦੀ ਮੌਤ ਹੋ ਗਈ। ਫਲਸਤੀਨੀਆਂ ਨੂੰ ਗਾਜ਼ਾ ਵਿੱਚ ਵਧਦੇ ਮਨੁੱਖੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਧਰ, ਜੰਗਬੰਦੀ ਦੀਆਂ ਸੰਭਾਵਨਾਵਾਂ ਵੀ ਹੌਲੀ-ਹੌਲੀ ਵੱਧ ਰਹੀਆਂ ਹਨ।
ਇਜ਼ਰਾਈਲ ਨੇ ਇਹ ਹਮਲੇ ਸ਼ੁੱਕਰਵਾਰ ਦੇਰ ਰਾਤ ਸ਼ੁਰੂ ਕੀਤੇ ਜੋ ਸ਼ਨਿਚਰਵਾਰ ਸਵੇਰ ਤੱਕ ਜਾਰੀ ਰਹੇ। ਇਨ੍ਹਾਂ ਹਮਲਿਆਂ ਵਿੱਚ ਗਾਜ਼ਾ ਸਿਟੀ ਦੇ ਫਲਸਤੀਨ ਸਟੇਡੀਅਮ ਵਿੱਚ 12 ਵਿਅਕਤੀਆਂ ਸਣੇ ਕਈ ਮੌਤਾਂ ਹੋ ਗਈਆਂ। ਸ਼ਿਫਾ ਹਸਪਤਾਲ ਦੇ ਮੁਲਾਜ਼ਮਾਂ ਮੁਤਾਬਕ, ਇਸ ਸਟੇਡੀਅਮ ਵਿੱਚ ਬੇਘਰ ਹੋਏ ਲੋਕਾਂ ਨੂੰ ਆਸਰਾ ਦਿੱਤਾ ਗਿਆ ਸੀ। ਸ਼ਿਫਾ ਹਸਪਤਾਲ ਵਿੱਚ ਹੀ ਲਾਸ਼ਾਂ ਲਿਆਂਦੀਆਂ ਗਈਆਂ ਹਨ। ਹਸਪਤਾਲ ਮੁਤਾਬਕ ਦੱਖਣੀ ਗਾਜ਼ਾ ਵਿੱਚ ਮੁਵਾਸੀ ਸਥਿਤ ਉਨ੍ਹਾਂ ਦੇ ਤੰਬੂਆਂ ’ਤੇ ਹੋਏ ਹਮਲੇ ਵਿੱਚ ਛੇ ਹੋਰ ਵਿਅਕਤੀ ਮਾਰੇ ਗਏ। ਇਹ ਹਮਲਾ ਅਜਿਹੇ ਸਮੇਂ ਵਿੱਚ ਹੋਇਆ ਹੈ, ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਅਗਲੇ ਹਫ਼ਤੇ ਅੰਦਰ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗਬੰਦੀ ਸਮਝੌਤਾ ਹੋ ਸਕਦਾ ਹੈ।
ਟਰੰਪ ਨੇ ਅੱਜ ਓਵਲ ਦਫ਼ਤਰ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਅਸੀਂ ਗਾਜ਼ਾ ’ਤੇ ਕੰਮ ਕਰ ਰਹੇ ਹਾਂ ਅਤੇ ਇਸ ਦੀ ਦੇਖਰੇਖ ਦੀ ਕੋਸ਼ਿਸ਼ ਕਰ ਰਹੇ ਹਾਂ।’’ ਹਾਲਾਤ ਤੋਂ ਜਾਣੂ ਇਕ ਅਧਿਕਾਰੀ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਇਜ਼ਰਾਈਲ ਦੇ ਰਣਨੀਤਕ ਮਾਮਲਿਆਂ ਬਾਰੇ ਮੰਤਰੀ ਰੌਨ ਡੈਰਮਰ ਗਾਜ਼ਾ ਜੰਗਬੰਦੀ, ਇਰਾਨ ਅਤੇ ਹੋਰ ਵਿਸ਼ਿਆਂ ਬਾਰੇ ਗੱਲਬਾਤ ਲਈ ਅਗਲੇ ਹਫ਼ਤੇ ਵਾਸ਼ਿੰਗਟਨ ਪਹੁੰਚਣਗੇ। -ਏਪੀ
ਨੇਤਨਯਾਹੂ ਵੱਲੋਂ ਗੋਲੀ ਚਲਾਉਣ ਦਾ ਹੁਕਮ ਦੇਣ ਸਬੰਧੀ ਖ਼ਬਰ ਖਾਰਜ
ਯੈਰੂਸ਼ਲਮ: ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਸ਼ੁੱਕਰਵਾਰ ਨੂੰ ਖੱਬੀ ਧਿਰ ਪ੍ਰਤੀ ਝੁਕਾਅ ਰੱਖਣ ਵਾਲੇ ਇਜ਼ਰਾਇਲੀ ਅਖ਼ਬਾਰ ‘ਹਾਰੇਤਜ਼’ ਵਿੱਚ ਪ੍ਰਕਾਸ਼ਿਤ ਖ਼ਬਰ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇਜ਼ਰਾਇਲੀ ਫੌਜੀਆਂ ਨੂੰ ਗਾਜ਼ਾ ਵਿੱਚ ਸਹਾਇਤਾ ਕੇਂਦਰਾਂ ਵੱਲ ਜਾ ਰਹੇ ਫਲਸਤੀਨੀਆਂ ਨੂੰ ਗੋਲੀ ਮਾਰਨ ਦਾ ਹੁਕਮ ਦਿੱਤਾ ਗਿਆ ਸੀ। ਦੋਵੇਂ ਆਗੂਆਂ ਨੇ ਖ਼ਬਰ ਨੂੰ ਫੌਜ ਨੂੰ ਬਦਨਾਮ ਕਰਨ ਲਈ ਸਿਰਜਿਆ ਗਿਆ ‘ਮੰਦਭਾਗਾ ਝੂਠ’ ਕਰਾਰ ਦਿੱਤਾ। ਉੱਧਰ, ਇਜ਼ਰਾਇਲੀ ਫੌਜ ਨੇ ਵੀ ਖ਼ਬਰ ਵਿੱਚ ਲਗਾਏ ਗਏ ‘ਆਮ ਲੋਕਾਂ ’ਤੇ ਜਾਣਬੁੱਝ ਕੇ ਗੋਲੀ ਚਲਾਉਣ’ ਦੇ ਦੋਸ਼ਾਂ ਨੂੰ ਖਾਰਜ ਕੀਤਾ ਹੈ। -ਏਪੀ