ਗੁਰਬਖ਼ਸ਼ਪੁਰੀ
ਇਥੋਂ ਦੇ ਸੀ ਆਈ ਏ ਸਟਾਫ਼ ਨੇ ਜੇਲ੍ਹ ’ਚੋਂ ਰਿਹਾਅ ਹੋਣ ਦੀ ਖੁਸ਼ੀ ਵਿੱਚ ਪਾਰਟੀ ਕਰਦੇ ਗੈਂਗਸਟਰਾਂ ਦੇ ਦੋ ਧੜਿਆਂ ਦੇ ਸੱਤ ਮੈਂਬਰਾਂ ਨੂੰ ਬੀਤੀ ਸ਼ਾਮ ਪੰਜ ਪਿਸਤੌਲਾਂ ਸਮੇਤ ਗ੍ਰਿਫਤਾਰ ਕਰ ਲਿਆ|
ਸੀ ਆਈ ਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਸ਼ਨਾਖਤ ਸੰਘਾ ਪਿੰਡ ਦੇ ਵਾਸੀ ਚਰਨਜੀਤ ਸਿੰਘ ਰਾਜੂ ਤੇ ਰਾਜਕਰਨ ਸਿੰਘ, ਨੌਰੰਗਾਬਾਦ ਪਿੰਡ ਦੇ ਵਾਸੀ ਬੌਬੀ ਤੇ ਜਗਰਾਜ ਸਿੰਘ, ਅਲਾਦੀਨਪੁਰ ਵਾਸੀ ਹਰਪ੍ਰੀਤ ਸਿੰਘ ਹੈਪੀ, ਜੋਧਪੁਰ ਵਾਸੀ ਮਨਜਿੰਦਰ ਸਿੰਘ ਮਨੀ ਅਤੇ ਕੱਕਾ ਕੰਡਿਆਲਾ ਵਾਸੀ ਗੁਰਦੇਵ ਸਿੰਘ ਵਜੋਂ ਹੋਈ ਹੈ। ਚਰਨਜੀਤ ਸਿੰਘ ਰਾਜੂ ਅਤੇ ਹਰਪ੍ਰੀਤ ਸਿੰਘ ਹੈਪੀ ਦੀ ਅਗਵਾਈ ਵਿੱਚ ਅਪਰਾਧਿਕ ਗਤੀਵਿਧੀਆਂ ਕਰਨ ਵਾਲੇ ਇਨ੍ਹਾਂ ਗੈਂਗਸਟਰਾਂ ਨੇ ਬੀਤੀ ਸ਼ਾਮ ਇਲਾਕੇ ਦੇ ਪਿੰਡ ਨੌਰੰਗਾਬਾਦ ਦੇ ਪੈਲੇਸ ਵਿੱਚ ਜੇਲ੍ਹਾਂ ਤੋਂ ਰਿਹਾਅ ਹੋਣ ਦੀ ਖੁਸ਼ੀ ਵਿੱਚ ਆਪਣੇ ਮਤਭੇਦ ਖਤਮ ਕਰਨ ਲਈ ਪਾਰਟੀ ਰੱਖੀ ਸੀ| ਪਾਰਟੀ ਵਿੱਚ ਉਨ੍ਹਾਂ ਆਪਣੇ ਹੋਰ ਸਾਥੀਆਂ ਨੂੰ ਵੀ ਬੁਲਾਇਆ ਸੀ|
ਮੁਲਜ਼ਮਾਂ ਨੇ ਪਾਰਟੀ ਵਿੱਚ ਨਾਜਾਇਜ਼ ਹਥਿਆਰ ਵੀ ਰੱਖੇ ਹੋਏ ਸਨ| ਪੁਲੀਸ ਨੂੰ ਸ਼ੱਕ ਸੀ ਕਿ ਉਨ੍ਹਾਂ ਦਰਮਿਆਨ ਸਮਝੌਤਾ ਨਾ ਹੋਣ ਦੀ ਸੂਰਤ ਵਿੱਚ ਉਨ੍ਹਾਂ ਵਿਚਾਲੇ ਤਿੱਖਾ ਤਕਰਾਰ ਹੋਣ ਦੀ ਸੰਭਾਵਨਾ ਸੀ| ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਸਥਾਨਕ ਥਾਣਾ ਸਦਰ ’ਚ ਅਸਲਾ ਐਕਟ ਦੀ ਦਫ਼ਾ 25 (6), (7) ਅਧੀਨ ਕੇਸ ਦਰਜ ਕੀਤਾ ਹੈ| ਪੁਲੀਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਲਜ਼ਮਾਂ ਤੋਂ ਹੋਰ ਵੀ ਹਥਿਆਰ ਬਰਾਮਦ ਹੋਣ ਦੀ ਉਮੀਦ ਹੈ|

