ਕਲੀਨਿਕ ’ਤੇ ਗੋਲੀਆਂ ਚਲਾਉਣ ਵਾਲਾ ਗੈਂਗਸਟਰ ਦਾ ਸਾਥੀ ਕਾਬੂ
ਕਸਬਾ ਭਿੱਖੀਵਿੰਡ ਵਿਚ ਮੈਡੀਕਲ ਪ੍ਰੈਕਟਿਸ ਕਰਦੇ ਡਾਕਟਰ ਵਲੋਂ ਫ਼ਿਰੌਤੀ ਦੀ ਮੰਗ ਪੂਰੀ ਨਾ ਕਰਨ ’ਤੇ ਪ੍ਰਭ ਦਾਸੂਵਾਲ ਦੇ ਹਥਿਆਰਬੰਦ ਮੈਂਬਰਾਂ ਨੇ ਉਸ ਦੇ ਕਲੀਨਿਕ ’ਤੇ ਇਕ ਦਿਨ ਪਹਿਲਾਂ ਅੱਧੀ ਰਾਤ ਨੂੰ ਗੋਲੀਆਂ ਚਲਾ ਦਿੱਤੀਆਂ ਸਨ| ਇਸ ਸਬੰਧੀ ਪੁਲੀਸ ਨੇ ਗਰੋਹ ਦੇ ਇਕ ਮੈਂਬਰ ਨੂੰ ਕਾਬੂ ਕਰ ਲਿਆ ਹੈ ਜਿਸ ਦੀ ਸ਼ਨਾਖਤ ਸਰਪ੍ਰੀਤ ਸਿੰਘ ਸਾਕਾ ਵਾਸੀ ਬੈਂਕਾ ਵਜੋਂ ਹੋਈ ਹੈ| ਅਦਾਲਤ ਨੇ ਉਸ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਗੈਂਗਸਟਰ ਪ੍ਰਭ ਦਾਸੂਵਾਲ ਕਸਬਾ ਭਿੱਖੀਵਿੰਡ ਦੀ ਅੰਮ੍ਰਿਤਸਰ ਰੋਡ ’ਤੇ ਆਨੰਦ ਹਾਰਟ ਮਲਟੀਸਪੈਸ਼ਿਲਟੀ ਹਸਪਤਾਲ ਦੇ ਸੰਚਾਲਕ ਡਾ. ਨੀਰਜ ਮਲਹੋਤਰਾ ਤੋਂ ਬੀਤੇ ਸਮੇਂ ਤੋਂ ਮੋਟੀ ਰਕਮ ਦੀ ਫ਼ਿਰੌਤੀ ਮੰਗਦਾ ਆ ਰਿਹਾ ਸੀ| ਡਾ. ਮਲਹੋਤਰਾ ਵਲੋਂ ਫ਼ਿਰੌਤੀ ਨਾ ਦੇਣ ’ਤੇ ਪ੍ਰਭ ਦਾਸੂਵਾਲ ਵਲੋਂ ਮਾਰ ਦੇਣ ਦੀ ਧਮਕੀ ਦਿੱਤੀ ਗਈ। ਜ਼ਿਲ੍ਹਾ ਪੁਲੀਸ ਨੇ ਡਾ. ਨੀਰਜ ਮਲਹੋਤਰਾ ਨੂੰ ਸਕਿਉਰਿਟੀ ਵੀ ਦਿੱਤੀ ਹੋਈ ਹੈ ਪਰ ਸ਼ਨਿਚਰਵਾਰ ਤੇ ਐਤਵਾਰ ਦੀ ਅੱਧੀ ਰਾਤ ਵੇਲੇ ਦੋ ਜਣਿਆਂ ਨੇ ਨੀਰਜ ਮਲਹੋਤਰਾ ਦੇ ਹਸਪਤਾਲ ’ਤੇ ਗੋਲੀਆਂ ਚਲਾਈਆਂ| ਇਹ ਸਾਰੀ ਘਟਨਾ ਹਸਪਤਾਲ ਦੇ ਸੀਸੀਟੀਵੀ ਕੈਮਰਿਆਂ ਵਿੱਚ ਰਿਕਾਰਡ ਹੋ ਗਈ| ਡਾ. ਮਲਹੋਤਰਾ ਵਲੋਂ ਦਿੱਤੀ ਵੀਡੀਓ ਦੇ ਆਧਾਰ ’ਤੇ ਪੁਲੀਸ ਨੇ ਸਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ, ਦੂਸਰੇ ਮੈਂਬਰ ਦੀ ਸ਼ਨਾਖਤ ਕੀਤੀ ਜਾ ਰਹੀ ਹੈ| ਥਾਣਾ ਭਿੱਖੀਵਿੰਡ ਦੀ ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ| ਏਐਸਆਈ ਜਤਿੰਦਰ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਸਰਪ੍ਰੀਤ ਸਿੰਘ ਸਾਕਾ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਉਸ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।