ਪੁਲੀਸ ਨਾਲ ਮੁਕਾਬਲੇ ’ਚ ਗੈਂਗਸਟਰ ਹਲਾਕ
ਰਈਆ-ਨਿੱਜਰ ਲਿੰਕ ਰੋਡ ’ਤੇ ਪਿੰਡ ਨਿੱਜਰ ਕੋਲ ਅੱਜ ਸਵੇਰੇ ਹੋਏ ਪੁਲੀਸ ਮੁਕਾਬਲੇ ਵਿੱਚ ਇੱਕ ਗੈਂਗਸਟਰ ਮਾਰਿਆ ਗਿਆ ਅਤੇ ਜਦਕਿ ਦੂਜੇ ਨੂੰ ਪੁਲੀਸ ਨੇ ਕਾਬੂ ਕਰ ਲਿਆ। ਮੁਕਾਬਲੇ ’ਚ ਪੁਲੀਸ ਦਾ ਏ ਐੱਸ ਆਈ ਵੀ ਜ਼ਖ਼ਮੀ ਹੋਇਆ ਹੈ। ਪੁਲੀਸ ਨੇ ਮੌਕੇ...
ਰਈਆ-ਨਿੱਜਰ ਲਿੰਕ ਰੋਡ ’ਤੇ ਪਿੰਡ ਨਿੱਜਰ ਕੋਲ ਅੱਜ ਸਵੇਰੇ ਹੋਏ ਪੁਲੀਸ ਮੁਕਾਬਲੇ ਵਿੱਚ ਇੱਕ ਗੈਂਗਸਟਰ ਮਾਰਿਆ ਗਿਆ ਅਤੇ ਜਦਕਿ ਦੂਜੇ ਨੂੰ ਪੁਲੀਸ ਨੇ ਕਾਬੂ ਕਰ ਲਿਆ। ਮੁਕਾਬਲੇ ’ਚ ਪੁਲੀਸ ਦਾ ਏ ਐੱਸ ਆਈ ਵੀ ਜ਼ਖ਼ਮੀ ਹੋਇਆ ਹੈ। ਪੁਲੀਸ ਨੇ ਮੌਕੇ ਤੋਂ ਦੋ ਹਥਿਆਰ ਬਰਾਮਦ ਕੀਤੇ ਹਨ।
ਡੀ ਆਈ ਜੀ ਬਾਰਡਰ ਰੇਂਜ ਸੰਦੀਪ ਗੋਇਲ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਇਸ ਇਲਾਕੇ ਵਿੱਚ ਕੁਝ ਅਨਸਰ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ’ਚ ਹਨ। ਇਤਲਾਹ ’ਤੇ ਕਾਰਵਾਈ ਕਰਦਿਆਂ ਪੁਲੀਸ ਟੀਮ ਨੇ ਪਿੰਡ ਨਿੱਜਰ ਕੋਲ ਨਾਕਾ ਲਾਇਆ ਸੀ, ਜਿਸ ਦੌਰਾਨ ਉਥੋਂ ਲੰਘ ਰਹੇ ਵਾਹਨ ਸਵਾਰ ਦੋ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਜਿਨ੍ਹਾਂ ਨੇ ਰੁਕਣ ਦੀ ਬਜਾਏ ਪੁਲੀਸ ’ਤੇ ਗੋਲੀ ਚਲਾ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪੁਲੀਸ ਦੀ ਜਵਾਬੀ ਕਾਰਵਾਈ ’ਚ ਰਾਜਨ ਬਿੱਲਾ ਉਰਫ਼ ਰਾਜਾ ਵਾਸੀ ਪੱਟੀ ਨਾਮੀ ਗੈਂਗਸਟਰ ਮਾਰਿਆ ਗਿਆ ਜਦਕਿ ਉਸ ਦੇ ਸਾਥੀ ਸ਼ੰਮੀ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੁਕਾਬਲੇ ਦੌਰਾਨ ਏ ਐੱਸ ਆਈ ਸ਼ੰਕਰ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਕਲੇਰ ਹਸਪਤਾਲ ਰਈਆ ਲਿਆਂਦਾ ਗਿਆ। ਅਧਿਕਾਰੀ ਨੇ ਦੱਸਿਆ ਕਿ ਉਕਤ ਗੈਂਗਸਟਰ ਵਿਦੇਸ਼ ਵਿੱਚ ਬੈਠੇ ਕਿਸੇ ਹੈਂਡਲਰ ਦੇ ਕਹਿਣ ’ਤੇ ਕੰਮ ਕਰ ਰਹੇ ਸਨ, ਜਿਨ੍ਹਾਂ ਨੇ ਪਿੰਡ ਧੂਲਕਾ ਵਿੱਚ ਮਨਜੀਤ ਸਿੰਘ ਦੇ ਪਰਿਵਾਰ ਤੋਂ 50 ਲੱਖ ਦੀ ਫਿਰੌਤੀ ਮੰਗੀ ਸੀ। ਫਿਰੌਤੀ ਨਾ ਮਿਲਣ ’ਤੇ ਗੈਂਗਸਟਰਾਂ ਨੇ ਮਨਜੀਤ ਸਿੰਘ ਨੂੰ ਮਾਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਹੋਰ ਤਫਤੀਸ਼ ਜਾਰੀ ਹੈ ਜਿਸ ਵਿੱਚ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਐੱਸ ਐੱਸ ਪੀ ਅੰਮ੍ਰਿਤਸਰ ਦਿਹਾਤੀ ਸਹੇਲ ਮੀਰ, ਗੁਰਵਿੰਦਰ ਸਿੰਘ ਨਾਗਰਾ, ਡੀ ਐੱਸ ਪੀ ਬਾਬਾ ਬਕਾਲਾ ਅਰੁਣ ਸ਼ਰਮਾ ਮੌਜੂਦ ਸਨ।

