ਬਟਾਲਾ ਗੋਲੀਬਾਰੀ ਦੀ ਗੈਂਗਸਟਰ ਹੈਰੀ ਚੱਠਾ ਨੇ ਜ਼ਿੰਮੇਵਾਰੀ ਲਈ
ਸ਼ਿਵ ਸੈਨਾ ਸਮੇਤ ਹੋਰ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ; ਦੋ ਦੀ ਹੋੲੀ ਸੀ ਮੌਤ ਤੇ ਪੰਜ ਹੋਏ ਸਨ ਜ਼ਖ਼ਮੀ
ਇੱਥੇ ਲੰਘੀ ਦੇਰ ਸ਼ਾਮ ਅੱਧੀ ਦਰਜਨ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀਆਂ ਚਲਾ ਕੇ ਦੋ ਜਣਿਆਂ ਨੂੰ ਮਾਰਨ ਅਤੇ ਪੰਜ ਹੋਰਾਂ ਨੂੰ ਜ਼ਖ਼ਮੀ ਕਰਨ ਵਿਰੁੱਧ ਅੱਜ ਹਿੰਦੂ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕੁਝ ਸਮੇਂ ਲਈ ਦੁਕਾਨਾਂ ਬੰਦ ਰੱਖੀਆਂ ਗਈਆਂ। ਇਨ੍ਹਾਂ ਜਥੇਬੰਦੀਆਂ ਦੇ ਆਗੂਆਂ ਵੱਲੋਂ ਐਸਐਸਪੀ ਦਫ਼ਤਰ ਅੱਗੇ ਧਰਨਾ ਲਾ ਕੇ ਮੰਗ ਕੀਤੀ ਗਈ ਕਿ ਮੁਲਜ਼ਮਾਂ ਨੂੰ ਜਲਦ ਕਾਬੂ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਗੋਲੀਬਾਰੀ ਵਿਚ ਸਰਬਜੀਤ ਸਿੰਘ ਕਾਕਾ ਅਤੇ ਕਨਵ ਮਹਾਜਨ ਦੀ ਮੌਤ ਹੋ ਗਈ ਸੀ। ਕਨਵ ਮਹਾਜਨ (22) ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜੋ ਪਾਂਧੀਆਂ ਮੁਹੱਲੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
ਉਧਰ ਐਸਪੀ (ਡੀ) ਗੁਰਪ੍ਰਤਾਪ ਸਿੰਘ ਸਹੋਤਾ ਨੇ ਦੱਸਿਆ ਕਿ ਬਟਾਲਾ ਪੁਲੀਸ ਦੀਆਂ ਵੱਖ ਵੱਖ ਟੀਮਾਂ ਵਲੋਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਆਸ ਜਤਾਈ ਕਿ ਜਲਦੀ ਹੀ ਮੁਲਜ਼ਮ ਪੁਲੀਸ ਗ੍ਰਿਫ਼ਤ ਵਿੱਚ ਹੋਣਗੇ। ਇਸੇ ਤਰ੍ਹਾਂ ਗੈਂਗਸਟਰ ਹੈਰੀ ਚੱਠਾ ਨੇ ਇਸ ਗੋਲੀਬਾਰੀ ਦੀ ਜ਼ਿਮੇਵਾਰੀ ਲਈ ਹੈ। ਹੈਰੀ ਚੱਠਾ ਨੇ ਆਖਿਆ ਕਿ ਲੰਘੀ ਰਾਤ ਜਿਸ ਸਰਬਜੀਤ ਸਿੰਘ ਕਾਕਾ ਪਿੰਡ ਬੁੱਲ੍ਹੋਵਾਲ (ਬਟਾਲਾ) ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ, ਉਸ ਨੇ ਉਨ੍ਹਾਂ ਦੇ ਭਰਾ ਦੀਪੂ ਅਜਨਾਲਾ ਦੇ ਕਾਤਲ ਬਿੱਲਾ ਤੇ ਮੰਗਾ ਨੂੰ ਪਨਾਹ ਦਿੱਤੀ ਸੀ। ਇਹ ਦੋਵੇਂ ਵਿਰੋਧੀ ਡੋਨੀ ਲੰਡੇ ਦੇ ਸਾਥੀ ਹਨ। ਜ਼ਿਕਰਯੋਗ ਹੈ ਕਿ ਇੱਥੋਂ ਦੇ ਜੱਸਾ ਸਿੰਘ ਹਾਲ ਨੇੜੇ ਚੰਦਾ ਖ਼ਾਨਾ ਖਜ਼ਾਨਾ ਅਤੇ ਚੰਦਾ ਬੂਟ ਹਾਊਸ ਉਤੇ ਛੇ ਅਣਪਛਾਤੇ ਨੌਜਵਾਨਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ ਸਨ ਜਿਸ ਨਾਲ ਦੋ ਨੌਜਵਾਨ ਸਰਬਜੀਤ ਸਿੰਘ ਕਾਕਾ ਅਤੇ ਕਨਵ ਮਹਾਜਨ ਦੀ ਮੌਤ ਹੋ ਗਈ ਸੀ। ਗੋਲੀਆਂ ਲੱਗਣ ਨਾਲ ਦੁਕਾਨ ਮਾਲਕ ਐਡਵੋਕੇਟ ਚੰਦਨ ਚੰਦਾ, ਅਮਨਦੀਪ, ਸੰਜੀਵ ਸੇਠ , ਅੰਮ੍ਰਿਤ ਪਾਲ ਅਤੇ ਜੁਗਲ ਕਿਸ਼ੋਰ ਜ਼ਖ਼ਮੀ ਹੋ ਗਏ ਸਨ। ਇਨ੍ਹਾਂ ਜ਼ਖ਼ਮੀਆਂ ਵਿਚੋਂ ਦੋ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ। ਸਰਬਜੀਤ ਸਿੰਘ ਕਾਕਾ ਇਸ ਦੁਕਾਨ ਉਤੇ ਸੁਰੱਖਿਆ ਗਾਰਡ ਵਜੋਂ ਤਾਇਨਾਤ ਸੀ।