ਪੁਲੀਸ ਮੁਕਾਬਲੇ ਮਗਰੋਂ ਗੈਂਗਸਟਰ ਗੁਰਪ੍ਰੀਤ ਬੱਬੂ ਗ੍ਰਿਫ਼ਤਾਰ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 30 ਜੂਨ
ਪਟਿਆਲਾ ਪੁਲੀਸ ਨੇ ਇਥੇ ਹੋਏ ਮੁਕਾਬਲੇ ਦੌਰਾਨ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ਼ ਬੱਬੂ ਵਾਸੀ ਪਿੰਡ ਨਨਹੇੜਾ, ਘੱਗਾ ਨੂੰ ਗ੍ਰਿਫ਼ਤਾਰ ਕੀਤਾ ਹੈ। ਫਾਇਰਿੰਗ ਦੌਰਾਨ ਪੁਲੀਸ ਦੀ ਗੱਡੀ ਦੇ ਸ਼ੀਸ਼ੇ ਉੱਪਰ ਵੀ ਗੋਲੀ ਲੱਗੀ। ਇਸੇ ਦੌਰਾਨ ਲੱਤ ਵਿੱਚ ਗੋਲੀ ਲੱਗਣ ਕਾਰਨ ਗੈਂਗਸਟਰ ਗੁਰਪ੍ਰੀਤ ਸਿੰਘ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮੁਲਜ਼ਮ ਕੋਲੋਂ 6 ਪਿਸਤੌਲ, 36 ਜ਼ਿੰਦਾ ਕਾਰਤੂਸ ਤੇ ਚੋਰੀ ਦਾ ਸਕੂਟਰ ਵੀ ਬਰਾਮਦ ਕੀਤਾ ਗਿਆ ਹੈ।
ਸਰਹਿੰਦ ਰੋਡ ’ਤੇ ਹੋਏ ਮੁਕਾਬਲੇ ਦਾ ਜਾਇਜ਼ਾ ਲੈਣ ਐੱਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਪਹਿਲਾਂ ਗੁਰਪ੍ਰੀਤ ਸਿੰਘ ਵਿਰੁੱਧ ਹਥਿਆਰਾਂ ਦੀ ਵਰਤੋਂ ਕਰਕੇ ਡਕੈਤੀ ਅਤੇ ਚੋਰੀ ਦੇ ਪੰਜ ਕੇਸ ਦਰਜ ਹਨ। ਉਸ ਨੇ ਬੈਂਕ ਦੇ ਸੁਰੱਖਿਆ ਗਾਰਡ ਤੋਂ ਹਥਿਆਰ ਖੋਹ ਕੇ ਬੈਂਕ ਡਕੈਤੀ ਕੀਤੀ ਹੈ। ਐੱਸਐੱਸਪੀ ਨੇ ਦੱਸਿਆ ਕਿ ਅੱਜ ਪੁਲੀਸ ਨੂੰ ਉਸ ਦੀ ਗਤੀਵਿਧੀ ਬਾਰੇ ਸੂਹ ਮਿਲੀ ਸੀ। ਜਦੋਂ ਮੁਲਜ਼ਮ ਆਪਣੇ ਅਮਰੀਕਾ ਅਧਾਰਿਤ ਹੈਂਡਲਰ ਕਰਨ ਯੂਐੱਸਏ ਤੋਂ ਪਾਰਸਲ ਦੇ ਰੂਪ ਵਿੱਚ 30 ਬੋਰ ਅਮਰੀਕੀ ਪਿਸਤੌਲ ਪ੍ਰਾਪਤ ਕਰਕੇ ਪਰਤ ਰਿਹਾ ਸੀ ਤਾਂ ਉਸ ਨੂੰ ਸਰਹਿੰਦ ਰੋਡ ’ਤੇ ਪੁਲੀਸ ਨੇ ਮੁਕਾਬਲੇ ਮਗਰੋਂ ਕਾਬੂ ਕਰ ਲਿਆ। ਮੁਲਜ਼ਮ ਨੇ ਨਾਜਾਇਜ਼ ਪਿਸਤੌਲ ਨਾਲ ਪੁਲੀਸ ਪਾਰਟੀ ’ਤੇ 3 ਰਾਊਂਡ ਫਾਇਰ ਕੀਤੇ ਅਤੇ ਇੱਕ ਗੋਲੀ ਸੀਆਈਏ ਟੀਮ ਦੀ ਗੱਡੀ ਦੇ ਸ਼ੀਸ਼ੇ ’ਤੇ ਵੀ ਲੱਗੀ। ਐੱਸਐੱਸਪੀ ਨੇ ਕਿਹਾ ਕਿ ਮੁਲਜ਼ਮ ਕੋਲੋਂ ਪਿਸਤੌਲ ਗ੍ਰੇਟਾ .30 ਬੋਰ, ਮੇਡ ਇਨ ਯੂਐੱਸਏ, .32 ਬੋਰ ਪਿਸਤੌਲ, .32 ਬੋਰ ਰਿਵਾਲਵਰ, ਦੋ ਦੇਸੀ ਕੱਟੇ 315 ਬੋਰ ਤੇ ਇਕ 22 ਬੋਰ ਸਣੇ 36 ਕਾਰਤੂਸ ਅਤੇ ਉਸ ਵੱਲੋਂ ਪਟਿਆਲਾ ਦੇ ਤ੍ਰਿਪੜੀ ਖੇਤਰ ਤੋਂ ਚੋਰੀ ਕੀਤਾ ਸਕੂਟਰ ਵੀ ਬਰਾਮਦ ਕੀਤਾ ਗਿਆ ਹੈ।
ਪੁਲੀਸ ਮੁਕਾਬਲੇ ਵਿੱਚ ਮੁਲਜ਼ਮ ਜ਼ਖਮੀ
ਦਿੜ੍ਹਬਾ ਮੰਡੀ (ਰਣਜੀਤ ਸਿੰਘ ਸ਼ੀਤਲ): ਇਥੇ ਕਸਬਾ ਸੂਲਰ ਘਰਾਟ ਨਹਿਰ ਦੀ ਪਟੜੀ ’ਤੇ ਹੋਏ ਪੁਲੀਸ ਮੁਕਾਬਲੇ ਦੌਰਾਨ ਮੁਲਜ਼ਮ ਜ਼ਖਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਸੀਆਈਏ ਸਟਾਫ ਨੇ ਮੋਟਰਸਾਈਕਲ ’ਤੇ ਜਾ ਰਹੇ ਨੌਜਵਾਨ ਨੂੰ ਸ਼ੱਕ ਦੇ ਅਧਾਰ ਰੋਕਿਆ ਤਾਂ ਉਹ ਮੋਟਰਸਾਈਕਲ ਭਜਾ ਕੇ ਲੈ ਗਿਆ। ਜਦੋਂ ਪੁਲੀਸ ਨੇ ਉਸ ਦਾ ਪਿੱਛਾ ਕੀਤਾ ਤਾਂ ਉਸ ਨੇ ਗੋਲੀਆਂ ਚਲਾ ਦਿੱਤੀਆਂ। ਪੁਲੀਸ ਦੀ ਜਵਾਬੀ ਕਾਰਵਾਈ ਦੌਰਾਨ ਮੁਲਜ਼ਮ ਦੇ ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ ਹੈ। ਸੰਗਰੂਰ ਦੇ ਐੱਸਪੀ (ਡੀ) ਦਵਿੰਦਰ ਅੱਤਰੀ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਗੋਬਿੰਦੀ ਵਾਸੀ ਖਨਾਲ ਖੁਰਦ ਵਜੋਂ ਹੋਈ ਹੈ। ਪੁਲੀਸ ਅਨੁਸਾਰ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ। ਮੁਲਜ਼ਮ ਸੰਗਰੂਰ ਦੇ ਹਸਪਤਾਲ ’ਚ ਜ਼ੇਰੇ ਇਲਾਜ ਹੈ।