ਕਰੋੜਾਂ ਦੀਆਂ ਠੱਗੀਆਂ ਮਾਰਨ ਵਾਲਾ ਗਰੋਹ ਬੇਨਕਾਬ
ਚਰਨਜੀਤ ਸਿੰਘ ਢਿੱਲੋਂ
ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਥਾਣਾ ਸੀ.ਆਈ.ਏ ਦੀ ਪੁਲੀਸ ਨੇ ਆਨਲਾਈਨ ਸਾਈਟਾਂ ਰਾਹੀਂ ਲੋਕਾਂ ਨੂੰ ਲਾਟਰੀ ਅਤੇ ਹੋਰ ਵੱਖ-ਵੱਖ ਢੰਗਾਂ ਨਾਲ ਲੱਖਾਂ ਰੁਪਏ ਦਾ ਲਾਲਚ ਦੇ ਕੇ ਕਰੋੜਾਂ ਦੀਆਂ ਠੱਗੀਆਂ ਮਾਰਨ ਵਾਲੇ ਅੰਤਰਰਾਜੀ ਗਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ।
ਐੱਸ ਐੱਸ ਪੀ ਡਾ. ਅੰਕੁਰ ਗੁਪਤਾ ਨੇ ਦੱਸਿਆ ਕਿ ਗਰੋਹ ਦੇ ਮੈਂਬਰ ਗ਼ੈਰਕਾਨੂੰਨੀ ਸਾਈਟਾਂ ਰਾਹੀਂ ਲੋਕਾਂ ਨੂੰ ਥੋੜ੍ਹੇ ਪੈਸੇ ਲਗਾ ਕੇ ਲੱਖਾਂ ਦਾ ਮੁਨਾਫਾ ਦੇਣ ਦਾ ਵਾਅਦਾ ਕਰਦੇ ਸਨ। ਇਸ ਲਈ ਉਹ ਬੈਂਕਾਂ ਵਿੱਚ ਫਰਜ਼ੀ ਖਾਤੇ ਖੁਲ੍ਹਵਾਉਂਦੇ ਸਨ। ਇਨ੍ਹਾਂ ਖਾਤਿਆਂ ਵਿੱਚ ਕਰੋੜਾਂ ਰੁਪਏ ਦਾ ਲੈਣ-ਦੇਣ ਕੀਤਾ ਜਾਂਦਾ ਸੀ। ਮੁਲਜ਼ਮਾਂ ਦੀ ਪਛਾਣ ਅਭਿਨਵ ਗਰਗ ਵਾਸੀ ਬਰਨਾਲਾ, ਓਮ ਪ੍ਰਕਾਸ਼ ਉਰਫ ਓਮ, ਅੰਮ੍ਰਿਤਰਾਜ ਉਰਫ ਅੰਮ੍ਰਿਤ (ਬਿਹਾਰ), ਵਿਸ਼ਵਜੀਤ ਸਿੰਘ, ਰਿਹਾਨ ਖਾਨ (ਯੂ.ਪੀ.) ਕੋਲੋਂ ਪੁਲੀਸ ਨੇ 8 ਮੋਬਾਈਲ ਫੋਨ, 8 ਸਿੱਮ, ਬੈਂਕ ਖਾਤਿਆਂ ਦੇ ਦਸਤਾਵੇਜ਼, ਚੈੱਕ ਬੁੱਕਾਂ, ਲੈਪਟਾਪ ਅਤੇ ਕਾਰ ਬਰਾਮਦ ਕੀਤੀ ਹੈ। ਡੀ.ਐੱਸ.ਪੀ ਇੰਦਰਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਗਰੋਹ ਦਾ ਮੁੱਖ ਸਰਗਨਾ ਓਮ ਪ੍ਰਕਾਸ਼ ਹੈ। ਇਹ ਵਿਅਕਤੀ ਸਾਈਟਾਂ ਨੂੰ ਚਲਾਉਣ, ਬੈਂਕਾਂ ਵਿੱਚ ਪੈਸੇ ਟਰਾਂਸਫਰ ਕਰਨ ਅਤੇ ਖਾਤੇ ਖੁੱਲ੍ਹਵਾਉਣ ਦਾ ਸਾਰਾ ਕੰਮ ਖੁਦ ਕਰਦਾ ਸੀ। ਇਸ ਵੱਲੋੋਂ ਮੁੰਬਈ, ਦਿੱਲੀ ਆਦਿ ਵਿੱਚ ਖਾਤੇ ਖੋਲ੍ਹ ਕੇ ਠੱਗੀ ਦੇ ਪੈਸੇ ਦੁਬਈ, ਫਿਲਪੀਨਜ਼ ਵਰਗੇ ਦੇਸ਼ਾਂ ਵਿੱਚ ਭੇਜ ਦਿੱਤੇ ਜਾਂਦੇ ਸਨ।
ਮੁਲਜ਼ਮਾਂ ਦਾ 6 ਦਿਨ ਦਾ ਪੁਲੀਸ ਰਿਮਾਂਡ ਲਿਆ ਗਿਆ ਹੈ। ਐੱਸ.ਐੱਸ.ਪੀ. ਡਾ.ਅੰਕੁਰ ਗੁਪਤਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਲਦੀ ਅਮੀਰ ਬਣਨ ਦੇ ਚੱਕਰ ਵਿੱਚ ਅਜਿਹੀਆਂ ਆਨਲਾਈਨ ਗ਼ੈਰਕਾਨੂੰਨੀ ਸਾਈਟਾਂ ਤੋਂ ਦੂਰ ਰਿਹਾ ਜਾਵੇ। ਉਨ੍ਹਾਂ ਆਖਿਆ ਕਿ ਅਜਿਹੇ ਠੱਗਾਂ ਖਿਲ਼ਾਫ ਪੁਲੀਸ ਵੱਲੋਂ ਸਖ਼ਤ ਕਾਰਵਾਈ ਜਾਰੀ ਰਹੇਗੀ।