ਕੈਦੀਆਂ ਤੇ ਹਵਾਲਾਤੀਆਂ ਨੂੰ ਜਾਅਲੀ ਦਸਤਾਵੇਜ਼ਾਂ ’ਤੇ ਸਿਮ ਦੇਣ ਵਾਲੇ ਗਰੋਹ ਦਾ ਪਰਦਾਫਾਸ਼
ਸਥਾਨਕ ਸੀਆਈਏ ਸਟਾਫ਼ ਦੀ ਪੁਲੀਸ ਨੇ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਦੇ ਬੰਦੀਆਂ (ਕੈਦੀਆਂ ਤੇ ਹਵਾਲਾਤੀਆਂ) ਨੂੰ ਨਕਲੀ ਆਧਾਰ ਕਾਰਡਾਂ ਰਾਹੀਂ ਸਿਮ ਕਾਰਡ ਐਕਟੀਵੇਟ ਕਰਕੇ ਵੱਡੇ ਪੱਧਰ ’ਤੇ ਸਪਲਾਈ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ|
ਪੁਲੀਸ ਨੇ ਗਰੋਹ ਦੇ ਕੇਂਦਰ ਬਿੰਦੂ ਵੈਰੋਵਾਲ ਬਾਵਿਆਂ ਦੇ ਦੁਕਾਨਦਾਰ ਬਲਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਕੋਲੋਂ ਫਰਜ਼ੀ ਆਧਾਰ ਕਾਰਡਾਂ ਨਾਲ ਐਕਟੀਵੇਟ ਕੀਤੇ 15 ਦੇ ਕਰੀਬ ਸਿਮ ਵੀ ਮਿਲੇ ਹਨ। ਪੁਲੀਸ ਨੇ ਗਰੋਹ ਵਿੱਚ ਸ਼ਾਮਲ ਇਕ ਔਰਤ ਦੀ ਵੀ ਸਰਗਰਮ ਭੂਮਿਕਾ ਦਾ ਪਤਾ ਕੀਤਾ ਹੈ ਜਿਸ ਨੂੰ ਕਾਬੂ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ। ਐੱਸਐੱਸਪੀ ਦੀਪਕ ਪਾਰਿਕ ਨੇ ਅੱਜ ਇਥੇ ਦੱਸਿਆ ਕਿ ਵੈਰੋਵਾਲ ਦੇ ਅੱਡੇ ’ਤੇ ‘ਬਲਜੀਤ ਟੈਲੀਕੌਮ’ ਦੀ ਦੁਕਾਨ ਕਰਦੇ ਬਲਜੀਤ ਸਿੰਘ ਆਪਣੇ ਕੋਲ ਆਉਂਦੇ ਲੋਕਾਂ ਤੋਂ ਆਧਾਰ ਕਾਰਡ ਦੀਆਂ ਕਾਪੀਆਂ ਲੈ ਕੇ ਉਨ੍ਹਾਂ ਦੇ ਆਧਾਰ ਕਾਰਡਾਂ ਦੇ ਨਾਵਾਂ ਅਤੇ ਪਤਿਆਂ ਨਾਲ ਛੇੜਛਾੜ (ਟੈਪਰਿੰਗ) ਕਰਕੇ ਫਰਜ਼ੀ ਆਧਾਰ ਕਾਰਡਾਂ ਰਾਹੀਂ ਸਿਮ ਕਾਰਡ ਐਕਟੀਵੇਟ ਕਰਦਾ ਸੀ ਜਿਨ੍ਹਾਂ ਨੂੰ ਉਹ ਭਾਰੀ ਰਕਮਾਂ ਲੈ ਕੇ ਅੱਗੇ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਦੇ ਕੈਦੀਆਂ ਆਦਿ ਨੂੰ ਵੇਚ ਦਿੰਦਾ ਸੀ।
ਉਨ੍ਹਾਂ ਦੱਸਿਆ ਕਿ ਇਸ ਗਰੋਹ ਵਿੱਚ ਬਲਜੀਤ ਸਿੰਘ ਤੋਂ ਇਲਾਵਾ ਹੋਰਨਾਂ ਦੀਆਂ ਗ੍ਰਿਫ਼ਤਾਰੀਆਂ ਹੋਣ ਦੀ ਵੀ ਸੰਭਾਵਨਾ ਹੈ।