ਗਾਂਧੀ ਨੇ ਸੰਸਦ ਵਿੱਚ ਪੰਜਾਬ ਲਈ ਵਿਸ਼ੇਸ਼ ਪੈਕੇਜ ਮੰਗਿਆ
ਕਾਂਗਰਸ ਦੇ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਅੱਜ ਸੰਸਦ ਵਿੱਚ ਪੰਜਾਬ ਲਈ 70 ਹਜ਼ਾਰ ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ ਜਾਰੀ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ, ‘‘ਆਜ਼ਾਦੀ ਤੋਂ ਬਾਅਦ ਦੇਸ਼ ਦਾ ਸਭ ਤੋਂ ਅਮੀਰ ਅਤੇ ਅਨਾਜ ਉਤਪਾਦਨ ਵਿੱਚ...
ਕਾਂਗਰਸ ਦੇ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਅੱਜ ਸੰਸਦ ਵਿੱਚ ਪੰਜਾਬ ਲਈ 70 ਹਜ਼ਾਰ ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ ਜਾਰੀ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ, ‘‘ਆਜ਼ਾਦੀ ਤੋਂ ਬਾਅਦ ਦੇਸ਼ ਦਾ ਸਭ ਤੋਂ ਅਮੀਰ ਅਤੇ ਅਨਾਜ ਉਤਪਾਦਨ ਵਿੱਚ ਅਗਾਂਹਵਧੂ ਰਾਜ ਰਿਹਾ ਪੰਜਾਬ ਅੱਜ ਆਰਥਿਕ ਤੇ ਸਮਾਜਿਕ ਸੰਕਟ ਵਿੱਚੋਂ ਲੰਘ ਰਿਹਾ ਹੈ। ਦੇਸ਼ ਦੀ ਕੁੱਲ ਆਬਾਦੀ ਦਾ ਸਿਰਫ਼ 2 ਫ਼ੀਸਦੀ ਹਿੱਸਾ ਹੋਣ ਦੇ ਬਾਵਜੂਦ, ਪੰਜਾਬ ਨੇ ਭਾਰਤ ਦੀ ਆਜ਼ਾਦੀ, ਰੱਖਿਆ ਅਤੇ ਖ਼ੁਰਾਕ ਸੁਰੱਖਿਆ ਲਈ ਆਪਣੇ ਹਿੱਸੇ ਤੋਂ ਕਿਤੇ ਵੱਧ ਯੋਗਦਾਨ ਪਾਇਆ ਹੈ।’’
ਡਾ. ਗਾਂਧੀ ਨੇ ਅੱਗੇ ਕਿਹਾ ਕਿ ਲਗਾਤਾਰ ਸਰਕਾਰਾਂ ਦੀਆਂ ਗ਼ਲਤ ਨੀਤੀਆਂ, ਪੰਜਾਬ ਪ੍ਰਤੀ ਭੇਦਭਾਵ ਵਾਲੇ ਰਵੱਈਏ ਕਾਰਨ ਇਹ ਮਹੱਤਵਪੂਰਨ ਰਾਜ ਗੰਭੀਰ ਖੇਤੀਬਾੜੀ, ਉਦਯੋਗਿਕ ਅਤੇ ਰੁਜ਼ਗਾਰ ਸੰਕਟ ਵਿੱਚ ਡੁੱਬ ਗਿਆ ਹੈ। ਨਸ਼ਾ ਤਸਕਰੀ, ਵਾਤਾਵਰਣ ਪ੍ਰਦੂਸ਼ਣ ਅਤੇ ਵੱਡੇ ਪੈਮਾਨੇ ‘ਤੇ ਵਿਦੇਸ਼ ਪਰਵਾਸ ਦੇ ਮੁੱਦੇ ਪੰਜਾਬ ਅਤੇ ਇਸ ਦੇ ਲੋਕਾਂ ਦੇ ਭਵਿੱਖ ਲਈ ਗੰਭੀਰ ਖ਼ਤਰਾ ਬਣ ਗਏ ਹਨ। ਉਨ੍ਹਾਂ ਸੰਸਦ ਵਿੱਚ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਵਿੱਚ ਪੈਦਾ ਹੋਏ ਇਸ ਚਿੰਤਾਜਨਕ ਹਾਲਾਤ ਨੂੰ ਵੇਖਦੇ ਹੋਏ ਭਾਰਤ ਸਰਕਾਰ ਨੂੰ ਤੁਰੰਤ 70,000 ਕਰੋੜ ਰੁਪਏ ਦਾ ਵਿਸ਼ੇਸ਼ ਰਾਹਤ ਪੈਕੇਜ ਦੇਣਾ ਚਾਹੀਦਾ ਹੈ ਤਾਂ ਜੋ ਦੇਸ਼ ਦੇ ‘ਅਨਾਜ ਦੇ ਭੰਡਾਰ’ ਅਤੇ ‘ਖ਼ੁਰਾਕ ਦੇ ਭੰਡਾਰ’ ਵਜੋਂ ਜਾਣੇ ਜਾਂਦੇ ਇਸ ਰਾਜ ਨੂੰ ਦੁਬਾਰਾ ਖੜ੍ਹਾ ਕੀਤਾ ਜਾ ਸਕੇ।

