ਰੇਲ ਮੰਤਰੀ ਨੂੰ ਮਿਲੇ ਗਾਂਧੀ
ਇਥੋਂ ਲੋਕ ਸਭਾ ਮੈਂਬਰ ਅਤੇ ਸੰਸਦੀ ਰੇਲਵੇ ਸਲਾਹਕਾਰ ਕਮੇਟੀ ਦੇ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਪੰਜਾਬ ’ਚ ਬੁਨਿਆਦੀ ਢਾਂਚੇ ਅਤੇ ਰੇਲ ਸੰਪਰਕ ਨਾਲ ਜੁੜੀਆਂ ਅਹਿਮ ਸਮੱਸਿਆਵਾਂ ਦੇ ਹੱਲ ਦੀ ਮੰਗ ਕੀਤੀ। ਡਾ. ਗਾਂਧੀ ਨੇ ਮੰਤਰੀ ਨੂੰ ਪੱਤਰ ਸੌਂਪ ਕੇ ਪਟਿਆਲਾ ਰੇਲਵੇ ਸਟੇਸ਼ਨ ’ਤੇ 12 ਮੀਟਰ ਚੌੜੇ ਫੁੱਟ ਓਵਰਬ੍ਰਿੱਜ (ਐੱਫਓਬੀ) ਦੇ ਨਿਰਮਾਣ ਕਾਰਜ ’ਚ ਹੋ ਰਹੀ ਦੇਰ ’ਤੇ ਚਿੰਤਾ ਪ੍ਰਗਟਾਈ। ਇਹ ਪ੍ਰਾਜੈਕਟ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਅਧੀਨ ਮਨਜ਼ੂਰ ਕੀਤਾ ਗਿਆ ਸੀ। ਐੱਫਓਬੀ ਦੀ ਗੈਰ-ਮੌਜੂਦਗੀ ਕਾਰਨ ਹਾਲ ਹੀ ’ਚ ਬਣੇ ਪਲੇਟਫਾਰਮ 2 ਅਤੇ 3 ਵਰਤੋਂ ’ਚ ਨਹੀਂ ਆ ਰਹੇ, ਜਿਸ ਕਾਰਨ ਸਾਰੀਆਂ ਰੇਲ ਗੱਡੀਆਂ ਪਲੇਟਫਾਰਮ 1 ਤੋਂ ਚਲਾਈਆਂ ਜਾ ਰਹੀਆਂ ਹਨ। ਡਾ. ਗਾਂਧੀ ਨੇ ਕਿਹਾ ਕਿ ਐੱਫਓਬੀ ਦਾ ਸਮੇਂ ਸਿਰ ਨਿਰਮਾਣ ਯਾਤਰੀਆਂ ਦੀ ਸੁਰੱਖਿਆ, ਰੇਲ ਸੰਚਾਲਨ ਦੀ ਸੁਚਾਰੂ ਅਤੇ ਸਟੇਸ਼ਨ ਦੀ ਸਮੁੱਚੀ ਵਰਤੋਂ ਯੋਗਤਾ ਲਈ ਬਹੁਤ ਜ਼ਰੂਰੀ ਹੈ। ਡਾ. ਗਾਂਧੀ ਨੇ ਪਟਿਆਲਾ ਰੇਲਵੇ ਸਟੇਸ਼ਨ ’ਤੇ ਵਾਸ਼ਿੰਗ ਲਾਈਨ ਦੀ ਸਥਾਪਨਾ ਅਤੇ ਨਵੀਂ ਦਿੱਲੀ ਤੋਂ ਬਠਿੰਡਾ ਜਾਂ ਫ਼ਿਰੋਜ਼ਪੁਰ ਨੂੰ ਜੋੜਨ ਵਾਲੀ ਜਨ ਸ਼ਤਾਬਦੀ ਜਾਂ ਵੰਦੇ ਭਾਰਤ ਐਕਸਪ੍ਰੈੱਸ ਰੇਲ ਦੀ ਸ਼ੁਰੂਆਤ ਕਰਨ ਦੀ ਮੰਗ ਕੀਤੀ। ਕੇਂਦਰੀ ਮੰਤਰੀ ਨੇ ਭਰੋਸਾ ਦਿੱਤਾ ਕਿ ਦੋਵਾਂ ਮੁੱਦਿਆਂ ’ਤੇ ਵਿਚਾਰ ਕੀਤਾ ਜਾਵੇਗਾ ਅਤੇ ਲੋੜ ਅਨੁਸਾਰ ਕਾਰਵਾਈ ਕੀਤੀ ਜਾਵੇਗੀ।