ਗੜਗੱਜ ਵੱਲੋਂ ਵਿਦੇਸ਼ਾਂ ਦੇ ਗੁਰਦੁਆਰਾ ਪ੍ਰਬੰਧਕਾਂ ਨੂੰ ਨਸੀਹਤ
ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਵਿਦੇਸ਼ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਵੀ ਪ੍ਰਬੰਧਕਾਂ ਵੱਲੋਂ ਕਿਸੇ ਵਿਅਕਤੀ ਨੂੰ ਗੁਰਦੁਆਰੇ ਵਿੱਚ ਆਉਣ ਤੋਂ ਰੋਕਿਆ ਗਿਆ ਹੈ, ਇਹ ਰੋਕਾਂ ਨੂੰ ਤੁਰੰਤ ਪ੍ਰਭਾਵ ਨਾਲ ਅਕਾਲ ਤਖ਼ਤ ਦੇ ਆਦੇਸ਼ਾਂ ਦੀ ਰੋਸ਼ਨੀ ਵਿੱਚ ਵਾਪਸ ਲਿਆ ਜਾਵੇ ਅਤੇ ਹਰੇਕ ਨੂੰ ਗੁਰੂ ਸਾਹਿਬ ਦੇ ਦਰਸ਼ਨ ਕਰਨ ਦਿੱਤੇ ਜਾਣ ਤੇ ਗੁਰਬਾਣੀ ਦਾ ਪਾਠ ਸੁਣਨ ਤੇ ਕਰਨ ਦਿੱਤਾ ਜਾਵੇ। ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਆਪਣੇ ਸੁਨੇਹੇ ਵਿੱਚ ਸਮੂਹ ਸਿੱਖ ਸੰਗਤ ਨੂੰ ਵਧਾਈਆਂ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਖ਼ਾਸਕਰ ਵਿਦੇਸ਼ਾਂ ਤੋਂ ਅਕਾਲ ਤਖ਼ਤ ਦੇ ਕੋਲ ਸੰਗਤ ਦੇ ਬਹੁਤ ਸਾਰੇ ਅਜਿਹੇ ਮਾਮਲੇ ਤੇ ਸ਼ਿਕਾਇਤਾਂ ਪੁੱਜ ਰਹੀਆਂ ਹਨ। ਇਸ ਸਬੰਧੀ ਅਕਾਲ ਤਖ਼ਤ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਬੀਤੇ ਸਮੇਂ ਹੁਕਮਨਾਮਾ ਵੀ ਹੋ ਚੁੱਕਿਆ ਹੈ ਕਿ ਕਿਸੇ ਵੀ ਵਿਅਕਤੀ ਨੂੰ ਗੁਰਦੁਆਰਾ ਆਉਣ ਤੋਂ ਨਹੀਂ ਰੋਕਿਆ ਜਾ ਸਕਦਾ। ਸਕੱਤਰੇਤ ਅਕਾਲ ਤਖ਼ਤ ਤੋਂ ਜਾਰੀ ਸੁਨੇਹੇ ਵਿੱਚ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਗੁਰੂ ਅਰਜਨ ਦੇਵ ਜੀ ਨੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਅੰਮ੍ਰਿਤਸਰ ਵਿੱਚ ਭਾਈ ਗੁਰਦਾਸ ਜੀ ਕੋਲੋਂ ਪਹਿਲਾ ਪਾਵਨ ਸਰੂਪ ਲਿਖਵਾ ਕੇ ਬਾਣੀ ਨੂੰ ਇੱਕ ਥਾਂ ਇਕੱਤਰ ਕੀਤਾ ਅਤੇ 1604 ਈਸਵੀ ਵਿੱਚ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਰਬਾਰ ਸਾਹਿਬ ਵਿੱਚ ਕੀਤਾ ਗਿਆ। ਗੁਰੂ ਸਾਹਿਬ ਨੇ ਆਪ ਸਿੱਖਾਂ ਨੂੰ ਹਰਿਮੰਦਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾ ਕੇ ਸਦੀਵ ਕਾਲ ਲਈ ਗੁਰਬਾਣੀ ਨਾਲ ਜੋੜਿਆ। ਉਨ੍ਹਾਂ ਵਿਦੇਸ਼ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਵੀ ਪ੍ਰਬੰਧਕਾਂ ਵੱਲੋਂ ਕਿਸੇ ਵਿਅਕਤੀ ਨੂੰ ਗੁਰਦੁਆਰੇ ਆਉਣ ਤੋਂ ਰੋਕਿਆ ਗਿਆ ਹੈ, ਇਹ ਕਾਰਵਾਈਆਂ ਤੁਰੰਤ ਪ੍ਰਭਾਵ ਨਾਲ ਅਕਾਲ ਤਖ਼ਤ ਦੇ ਆਦੇਸ਼ਾਂ ਦੀ ਰੋਸ਼ਨੀ ਵਿੱਚ ਵਾਪਸ ਲਈਆਂ ਜਾਣ।