‘ਉੱਡਤਾ ਪੰਜਾਬ’ ਤੋਂ ‘ਬਦਲਦਾ ਪੰਜਾਬ’ ਤੱਕ ਪੁੱਜੇ: ਚੀਮਾ
ਚਰਨਜੀਤ ਭੁੱਲਰ ਚੰਡੀਗੜ੍ਹ, 26 ਮਾਰਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਚੌਥਾ ਬਜਟ ਪੇਸ਼ ਕਰਨ ਮਗਰੋਂ ਕੀਤੀ ਪ੍ਰੈੱਸ ਕਾਨਫਰੰਸ ਮੌਕੇ ਕਿਹਾ ਕਿ ‘ਆਪ’ ਸਰਕਾਰ ‘ਉਡਤਾ ਪੰਜਾਬ’ ਨੂੰ ‘ਬਦਲਦਾ ਪੰਜਾਬ’ ਤੱਕ ਲਿਜਾਣ ’ਚ ਸਫ਼ਲ ਹੋਈ ਹੈ। ਅਕਾਲੀ ਤੇ ਕਾਂਗਰਸ ਦੇ ਪਿਛਲੇ...
ਚਰਨਜੀਤ ਭੁੱਲਰ
ਚੰਡੀਗੜ੍ਹ, 26 ਮਾਰਚ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਚੌਥਾ ਬਜਟ ਪੇਸ਼ ਕਰਨ ਮਗਰੋਂ ਕੀਤੀ ਪ੍ਰੈੱਸ ਕਾਨਫਰੰਸ ਮੌਕੇ ਕਿਹਾ ਕਿ ‘ਆਪ’ ਸਰਕਾਰ ‘ਉਡਤਾ ਪੰਜਾਬ’ ਨੂੰ ‘ਬਦਲਦਾ ਪੰਜਾਬ’ ਤੱਕ ਲਿਜਾਣ ’ਚ ਸਫ਼ਲ ਹੋਈ ਹੈ। ਅਕਾਲੀ ਤੇ ਕਾਂਗਰਸ ਦੇ ਪਿਛਲੇ ਸ਼ਾਸਨ ਕਾਲ ਦੌਰਾਨ ਨਸ਼ਿਆਂ, ਬੇਰੁਜ਼ਗਾਰੀ ਤੇ ਭ੍ਰਿਸ਼ਟਾਚਾਰ ਨੇ ਸੂਬੇ ਨੂੰ ਢਾਹ ਲਾਈ ਜਦੋਂਕਿ ਉਨ੍ਹਾਂ ਦੀ ਸਰਕਾਰ ਨੇ ਸੂਬੇ ਨੂੰ ਤਰੱਕੀ ਦੇ ਰਾਹ ’ਤੇ ਪਾਇਆ ਹੈ। ਸ੍ਰੀ ਚੀਮਾ ਨੇ ਪੰਜਾਬ ਸਿਰ ਚੜ੍ਹ ਰਹੇ ਕਰਜ਼ੇ ਬਾਰੇ ਕਿਹਾ ਕਿ ਪੁਰਾਣੀਆਂ ਸਰਕਾਰਾਂ ਨਾਲੋਂ ਉਹ ਸਿਰਫ਼ ਸੱਤ ਫ਼ੀਸਦੀ ਦਰ ’ਤੇ ਹੀ ਕਰਜ਼ਾ ਚੁੱਕ ਰਹੇ ਹਨ ਅਤੇ ਕਰਜ਼ੇ ਨੂੰ ਹੌਲੀ-ਹੌਲੀ ਘਟਾਉਣ ਲਈ ਕੰਮ ਕਰ ਰਹੇ ਹਨ।
ਸ੍ਰੀ ਚੀਮਾ ਨੇ ਬੀਮਾ ਸਕੀਮ ਦੇ ਹਸਪਤਾਲਾਂ ਦੇ ਬਕਾਏ ਕਲੀਅਰ ਹੋਣ ਦੀ ਗੱਲ ਵੀ ਆਖੀ। ਉਨ੍ਹਾਂ ਕਿਹਾ ਕਿ ਸਿੱਖਿਆ ਤੇ ਸਿਹਤ ਬਜਟ ਵਿੱਚ ਚੋਖਾ ਵਾਧਾ ਕੀਤਾ ਗਿਆ ਹੈ। ਸੂਬੇ ਨੇ ਤਿੰਨ ਵਰ੍ਹਿਆਂ ਵਿੱਚ ਆਰਥਿਕ ਤਰੱਕੀ ਕੀਤੀ ਹੈ ਤੇ ਸੂਬੇ ਦੇ ਮਾਲੀਏ ਵਿੱਚ ਵਾਧਾ ਹੋਇਆ ਹੈ ਅਤੇ ਖ਼ਰਚੇ ਕਾਬੂ ਵਿੱਚ ਆਉਣ ਲੱਗੇ ਹਨ। ਵਿੱਤ ਮੰਤਰੀ ਨੇ ਪਿਛਲੀਆਂ ਸਰਕਾਰਾਂ ਨੂੰ ਕਟਹਿਰੇ ਵਿੱਚ ਖੜ੍ਹੇ ਕਰਦਿਆਂ ਕਿਹਾ ਕਿ ‘ਚਿੱਟਾ’ ਸ਼ਬਦ ਅਕਾਲੀ-ਭਾਜਪਾ ਸਰਕਾਰ ਸਮੇਂ ਪਹਿਲੀ ਵਾਰ ਸੁਣਨ ਨੂੰ ਮਿਲਿਆ ਸੀ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ਉਜਾੜੇ ਦੇ ਰਾਹ ’ਤੇ ਪਾਇਆ ਜਦੋਂਕਿ ਉਹ ‘ਵੱਸਦਾ ਪੰਜਾਬ’ ਬਣਾਉਣ ਲੱਗੇ ਹਨ। ਨਸ਼ਿਆਂ ਦੀ ਅਲਾਮਤ ਦੇ ਖ਼ਾਤਮੇ ਲਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਚੱਲ ਰਹੀ ਹੈ।