ਧੋਖਾਧੜੀ ਮਾਮਲਾ: ਟਰੈਵਲ ਏਜੰਟ ਬ੍ਰਿਜੇਸ਼ ਮਿਸ਼ਰਾ ਇਕ ਹੋਰ ਮਾਮਲੇ ’ਚ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਜਲੰਧਰ, 2 ਜੁਲਾਈ
ਇੱਥੋਂ ਦੇ ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲੀਸ ਨੇ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਟਰੈਵਲ ਏਜਟ ਬ੍ਰਿਜੇਸ਼ ਮਿਸ਼ਰਾ ਨੂੰ ਪੁਲੀਸ ਰਿਮਾਂਡ ਖ਼ਤਮ ਹੋਣ ਮਗਰੋਂ ਇਕ ਹੋਰ ਮਾਮਲੇ ’ਚ ਗ੍ਰਿਫ਼ਤਾਰ ਕਰ ਲਿਆ।
ਜ਼ਿਕਰਯੋਗ ਹੈ ਕਿ ਜਲੰਧਰ ਕਮਿਸ਼ਨਰੇਟ ਪੁਲੀਸ ਨੇ ਧੋਖਾਧੜੀ ਦੇ ਦੋਸ਼ ਹੇਠ ਬ੍ਰਿਜੇਸ਼ ਮਿਸ਼ਰਾ ਨੂੰ ਕੈਨੇਡਾ ਤੋਂ ਵਾਪਸ ਆਉਂਦੇ ਹੀ 23 ਜੂਨ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਸੀ। ਇਸ ਮਗਰੋਂ ਥਾਣਾ ਡਿਵੀਜ਼ਨ-6 ਪੁਲੀਸ ਨੇ ਅਦਾਲਤ ਤੋਂ ਉਸ ਦਾ ਸੱਤ ਰੋਜ਼ਾ ਰਿਮਾਂਡ ਹਾਸਲ ਕਰ ਲਿਆ। ਪੁਲੀਸ ਅਨੁਸਾਰ ਮੁਲਜ਼ਮ ਖਿਲਾਫ਼ ਥਾਣਾ ਡਿਵੀਜ਼ਨ ਨੰਬਰ 6 ’ਚ ਨੌਂ ਐੱਫਆਈਆਰ ਦਰਜ ਹਨ।
ਅਜਿਹੀ ਸਥਿਤੀ ’ਚ ਉਸ ਦਾ ਪੁਲੀਸ ਰਿਮਾਂਡ ਖਤਮ ਹੋਣ ਤੋਂ ਬਾਅਦ ਥਾਣਾ ਡਿਵੀਜ਼ਨ 6 ਪੁਲੀਸ ਨੇ ਉਸ ਨੂੰ ਇਕ ਹੋਰ ਮਾਮਲੇ ’ਚ ਮੁੜ ਗ੍ਰਿਫ਼ਤਾਰ ਕਰ ਲਿਆ।
ਹੁਣ ਤੱਕ ਪੁਲੀਸ ਜਾਂਚ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਮਿਸ਼ਰਾ ਨੇ ਨਾ ਸਿਰਫ਼ ਪੰਜਾਬ ’ਚ ਸਗੋਂ ਦੇਸ਼ ਦੇ ਹੋਰ ਰਾਜਾਂ ’ਚ ਵੀ ਨੌਜਵਾਨਾਂ ਨਾਲ ਜਾਅਲੀ ਆਫਰ ਲੈਟਰ ਤੇ ਵੀਜ਼ਾ ਪ੍ਰੋਸੈਸਿੰਗ ਦੇ ਨਾਂ ’ਤੇ ਧੋਖਾਧੜੀ ਕੀਤੀ ਹੈ। ਪੁਲੀਸ ਦਾ ਅੰਦਾਜ਼ਾ ਹੈ ਕਿ ਸ਼ਿਕਾਇਤਾਂ ਦੀ ਗਿਣਤੀ 1000 ਤੋਂ ਵੱਧ ਹੋ ਸਕਦੀ ਹੈ। ਪੁਲੀਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਧੋਖਾਧੜੀ ਮਾਮਲੇ ਵਿੱਚ ਗ੍ਰਿਫ਼ਤਾਰ ਬ੍ਰਿਜੇਸ਼ ਮਿਸ਼ਰਾ ਤੋਂ ਲਗਾਤਾਰ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਇਸ ਦੌਰਾਨ ਗੱਲਬਾਤ ਕਰਦਿਆਂ ਏਸੀਪੀ ਰੂਪਦੀਪ ਕੌਰ ਤੇ ਐੱਸਐੱਚਓ ਅਜਾਇਬ ਸਿੰਘ ਔਜਲਾ ਦੀ ਨਿਗਰਾਨੀ ਹੇਠ ਜਾਂਚ ਚੱਲ ਰਹੀ ਹੈ। ਪੁਲੀਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮਿਸ਼ਰਾ ਨਾਲ ਹੋਰ ਕੌਣ-ਕੌਣ ਸ਼ਾਮਲ ਸੀ।