ਸ਼ਹਿਰ ਵਿੱਚੋਂ ਭੇਤ-ਭਰੇ ਹਾਲਾਤ ਵਿੱਚ ਚਾਰ ਨਾਬਾਲਗ ਲੜਕੀਆਂ ਲਾਪਤਾ ਹੋ ਗਈਆਂ ਹਨ। ਇਨ੍ਹਾਂ ਵਿੱਚ ਇੱਕ ਫੈਕਟਰੀ ਵਿੱਚ ਕੰਮ ਕਰਦੀਆਂ ਤਿੰਨ ਸਹੇਲੀਆਂ ਵੀ ਸ਼ਾਮਲ ਹਨ ਜਿਨ੍ਹਾਂ ਦੀ ਪੁਲੀਸ ਵੱਲੋਂ ਭਾਲ ਕੀਤੀ ਜਾ ਰਹੀ ਹੈ।
ਜੋਧੇਵਾਲ ਦੀ ਪੁਲੀਸ ਨੂੰ ਮੁਹੱਲਾ ਬੰਦਾ ਬਹਾਦਰ ਨਗਰ ਸਾਹਮਣੇ ਆਜ਼ਾਦ ਨਗਰ ਬਹਾਦਰ ਕੇ ਰੋਡ ਵਾਸੀ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਉਸ ਦੀ ਲੜਕੀ ਊਸਾ ਦੇਵੀ ਉਰਫ਼ ਸੰਗੀਤਾ (16 ਸਾਲ), ਉਸ ਦੀ ਸਹੇਲੀ ਰੇਸ਼ਮਾ ਉਰਫ਼ ਪਾਇਲ (16) ਅਤੇ ਚਾਂਦਨੀ ਦੂਆ ਹੋਜਰੀ ਵਿੱਚ ਕੰਮ ਕਰਦੀਆਂ ਹਨ। ਤਿੰਨੋਂ ਜਣੀਆਂ 6 ਅਕਤੂਬਰ ਨੂੰ ਦੂਆ ਹੋਜ਼ਰੀ ਬਹਾਦਰ ਕੇ ਰੋਡ ਤੋਂ ਬਿਨਾਂ ਕੁਝ ਦੱਸੇ ਕਿਧਰੇ ਚਲੀਆਂ ਗਈਆਂ ਹਨ। ਉਨ੍ਹਾਂ ਦੀ ਕਾਫ਼ੀ ਭਾਲ ਕੀਤੀ ਗਈ ਹੈ ਪਰ ਉਹ ਕਿਧਰੇ ਨਹੀਂ ਮਿਲੀਆਂ। ਉਸ ਨੇ ਸ਼ੱਕ ਪ੍ਰਗਟ ਕੀਤਾ ਹੈ ਕਿ ਉਸ ਦੀ ਲੜਕੀ ਅਤੇ ਉਸ ਦੀਆਂ ਦੋਹਾਂ ਸਹੇਲੀਆਂ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਨਿੱਜੀ ਸਵਾਰਥ ਲਈ ਆਪਣੀ ਨਾਜਾਇਜ਼ ਹਿਰਾਸਤ ਵਿੱਚ ਕਿਧਰੇ ਲੁਕਾ ਕੇ ਰੱਖਿਆ ਹੋਇਆ ਹੈ। ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਤਿੰਨਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਟਿੱਬਾ ਦੀ ਪੁਲੀਸ ਨੂੰ ਮੁਹੱਲਾ ਨਿਊ ਸੰਧੂ ਕਲੋਨੀ, ਟਿੱਬਾ ਰੋਡ ਵਾਸੀ ਰਾਜੀਵ ਕੁਮਾਰ ਨੇ ਦੱਸਿਆ ਕਿ ਉਸਦੀ ਲੜਕੀ ਰੀਆ ਕੁਮਾਰੀ (15 ਸਾਲ) ਘਰੋਂ ਬਿਨਾਂ ਦੱਸੇ ਕਿੱਧਰੇ ਚਲੀ ਗਈ ਹੈ। ਉਸ ਦੀ ਕਾਫ਼ੀ ਭਾਲ ਕੀਤੀ ਗਈ ਹੈ ਪਰ ਉਹ ਕਿਧਰੇ ਨਹੀਂ ਮਿਲੀ। ਉਸ ਨੂੰ ਸ਼ੱਕ ਹੈ ਕਿ ਲੜਕੀ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਨਿੱਜੀ ਸਵਾਰਥ ਲਈ ਆਪਣੀ ਨਾਜਾਇਜ਼ ਹਿਰਾਸਤ ਵਿੱਚ ਰੱਖਿਆ ਹੋਇਆ ਹੈ। ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।