ਅੰਬਾਲਾ ਪੁਲੀਸ ਨੇ ਅਪਰੇਸ਼ਨ ‘ਟ੍ਰੈਕ ਡਾਊਨ’ ਹੇਠ ਅੰਤਰਰਾਜੀ ਇਰਾਨੀ ਗਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗਰੋਹ ਦੇਸ਼ ਭਰ ਵਿੱਚ 105 ਤੋਂ ਵੱਧ ਸੋਨੇ ਅਤੇ ਹੀਰੇ ਦੀ ਚੋਰੀ ਸਮੇਤ ਠੱਗੀ ਦੀਆਂ ਵਾਰਦਾਤਾਂ ਕਰ ਚੁੱਕਿਆ ਹੈ। ਪੁਲੀਸ ਨੇ ਉਨ੍ਹਾਂ ਦੇ ਕਬਜ਼ੇ ’ਚੋਂ ਚਾਰ ਮੋਬਾਈਲ ਫੋਨ, ਚਾਰ ਸਿਮ ਕਾਰਡ ਅਤੇ ਦੋ ਸਕੂਟਰ ਬਰਾਮਦ ਕੀਤੇ ਹਨ, ਜੋ ਵਾਰਦਾਤਾਂ ਵਿੱਚ ਵਰਤੇ ਜਾਂਦੇ ਸਨ। ਸੀ.ਆਈ.ਏ.-1 ਦੀ ਟੀਮ ਨੇ ਇੰਸਪੈਕਟਰ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਇਹ ਕਾਰਵਾਈ ਅੰਬਾਲਾ ਸ਼ਹਿਰ ਖੇਤਰ ਵਿੱਚ ਕੀਤੀ। ਪੁਲੀਸ ਨੇ ਮੁੱਖ ਸਰਗਨੇ ਗੁਲਾਮ ਅੱਬਾਸ ਉਰਫ਼ ਰਿਹਾਨਾ ਰਜ਼ਵੀ (ਘਾਟਕੋਪਰ ਪੱਛਮ, ਮੁੰਬਈ) ਅਤੇ ਮੁਹੰਮਦ ਖ਼ਾਨ ( ਆਂਧਰਾ ਪ੍ਰਦੇਸ਼) ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਤੋਂ ਰਿਮਾਂਡ ਹਾਸਲ ਕੀਤਾ ਹੈ। ਇਸ ਤੋਂ ਬਾਅਦ ਪੁਲੀਸ ਨੇ ਇਨ੍ਹਾਂ ਦੇ ਦੋ ਹੋਰ ਸਾਥੀਆਂ ਅਕਬਰ ਮੀਆਂ ਸ਼ੇਖ ਅਤੇ ਅਬਦੁੱਲਾ ਖ਼ਾਨ ਉਰਫ਼ ਕਾਲੀਆ ਨੂੰ ਵੀ ਗ੍ਰਿਫ਼ਤਾਰ ਕੀਤਾ। ਪੁਲੀਸ ਅਨੁਸਾਰ ਗਰੋਹ ਦੇਸ਼ ਦੇ ਵੱਖ-ਵੱਖ ਰਾਜਾਂ ਕਰਨਾਟਕ, ਹੈਦਰਾਬਾਦ, ਤਿਲੰਗਾਨਾ, ਪੰਜਾਬ ਤੇ ਮੁੰਬਈ ਵਿੱਚ ਚੋਰੀਆਂ ਕਰਨ ਤੋਂ ਬਾਅਦ ਐਕਟਿਵਾ ਰਾਹੀਂ ਭੱਜ ਜਾਂਦਾ ਸੀ। ਕੁਝ ਮੈਂਬਰ ਰੇਲ ਜਾਂ ਹਵਾਈ ਜਹਾਜ਼ ਰਾਹੀਂ ਇੱਕ ਰਾਜ ਤੋਂ ਦੂਜੇ ਰਾਜ ਵਾਰਦਾਤ ਲਈ ਜਾਂਦੇ ਸਨ ਤਾਂ ਜੋ ਉਨ੍ਹਾਂ ਦੀ ਪਛਾਣ ਨਾ ਹੋ ਸਕੇ।
ਇਹ ਕਾਰਵਾਈ ਉਸ ਸਮੇਂ ਕੀਤੀ ਗਈ ਜਦੋਂ ਪਟੇਲ ਰੋਡ ਅੰਬਾਲਾ ਸ਼ਹਿਰ ਦੇ ਸੋਨੇ ਦੇ ਵਪਾਰੀ ਸਮਰਥ ਜੈਨ ਨੇ ਸ਼ਿਕਾਇਤ ਦਿੱਤੀ ਕਿ ਉਸ ਦੀ ਦੁਕਾਨ ਪਦਮਾਵਤੀ ਜਵੈਲਰਜ਼ ਤੋਂ 150 ਗ੍ਰਾਮ ਸੋਨਾ ਚੋਰੀ ਕਰ ਲਿਆ ਗਿਆ।

