ਖ਼ਾਲਿਸਤਾਨੀ ਨਾਅਰੇ ਲਿਖਣ ਵਾਲੇ ਦਾ ਚਾਰ ਰੋਜ਼ਾ ਪੁਲੀਸ ਰਿਮਾਂਡ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 19 ਜੂਨ
ਪੰਜਾਬ ਪੁਲੀਸ ਵੱਲੋਂ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਨਜ਼ਦੀਕੀ ਸਹਿਯੋਗੀ ਰੇਸ਼ਮ ਸਿੰਘ ਵਾਸੀ ਪਿੰਡ ਹਮਦੀਦੀ (ਬਰਨਾਲਾ) ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਮੁਲਜ਼ਮ ਖ਼ਿਲਾਫ਼ ਫਿਲੌਰ ਵਿੱਚ ਡਾ. ਬੀਆਰ ਅੰਬੇਡਕਰ ਦੇ ਬੁੱਤ ਦੀ ਭੰਨਤੋੜ ਕਰਨ ਅਤੇ ਪੰਜਾਬ ਭਰ ਵਿੱਚ ਖ਼ਾਲਿਸਤਾਨ ਪੱਖੀ ਨਾਅਰੇ ਲਿਖਣ, ਚਿੱਤਰ ਬਣਾਉਣ ਅਤੇ ਪੋਸਟਰ ਲਾਉਣ ਦੇ ਦੋਸ਼ ਹਨ।
ਬੀਤੇ ਦਿਨੀਂ ਰੇਸ਼ਮ ਸਿੰਘ ਨੂੰ ਖਰੜ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਂਚ ਟੀਮ ਨੇ ਮੁਲਜ਼ਮ ਦੇ ਸੱਤ ਦਿਨ ਦੇ ਪੁਲੀਸ ਰਿਮਾਂਡ ਦੀ ਮੰਗ ਕੀਤੀ ਸੀ। ਪੁੱਛਗਿੱਛ ਦੌਰਾਨ ਰੇਸ਼ਮ ਸਿੰਘ ਨੇ ਖ਼ੁਲਾਸਾ ਕੀਤਾ ਕਿ ਉਸ ਨੂੰ ਪਹਿਲੀ ਵਾਰ 2019 ਵਿੱਚ ਹਰਪ੍ਰੀਤ ਸਿੰਘ ਉਰਫ਼ ਰਾਣਾ, ਜੋ ਅਮਰੀਕਾ ਤੋਂ ਚਲਾਏ ਜਾ ਰਹੇ ਮੀਡੀਆ ਚੈਨਲ ‘ਪਾਲੀਟਿਕਸ ਪੰਜਾਬ’ (ਹੁਣ ਪਾਬੰਦੀ) ਨੂੰ ਹੋਸਟ ਕਰਦਾ ਸੀ, ਨੇ ਐੱਸਐੱਫਜੇ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਸਣੇ ਬਿਕਰਮਜੀਤ ਸਿੰਘ (ਯੂਐੱਸਏ) ਅਤੇ ਜੇਐੱਸ ਧਾਲੀਵਾਲ ਨਾਲ ਜੋੜਨ ਵਿੱਚ ਭੂਮਿਕਾ ਨਿਭਾਈ ਸੀ। ਕਰੀਬ ਦੋ ਸਾਲਾਂ ਬਾਅਦ ਮਈ 2024 ਵਿੱਚ ਸੰਗਰੂਰ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਮੁਲਜ਼ਮ ਨੇ ਸੁਰਿੰਦਰ ਠੀਕਰੀਵਾਲ, ਜੋ ਸਾਬਕਾ ਅਤਿਵਾਦੀ ਹੈ ਅਤੇ 2022 ਵਿੱਚ ਅਮਰੀਕਾ ਭੱਜ ਗਿਆ ਸੀ, ਦੇ ਪ੍ਰਭਾਵ ਹੇਠ ਦੇਸ਼ ਵਿਰੋਧੀ ਗਤੀਵਿਧੀਆਂ ਮੁੜ ਸ਼ੁਰੂ ਕੀਤੀਆਂ ਸਨ। ਮੁਲਜ਼ਮ ਰੇਸ਼ਮ ਸਿੰਘ 23-24 ਮਈ 2024 ਦੀ ਰਾਤ ਨੂੰ ਪਟਿਆਲਾ-ਸੰਗਰੂਰ ਫਲਾਈਓਵਰ ਦੀ ਕੰਧ ’ਤੇ ‘ਐਸਐਫਜੇ ਖ਼ਾਲਿਸਤਾਨ’ ਨਾਅਰਾ ਲਿਖਿਆ ਸੀ। 23 ਜਨਵਰੀ 2025 ਦੀ ਰਾਤ ਨੂੰ ਨਹਿਰੂ ਸਟੇਡੀਅਮ, ਫ਼ਰੀਦਕੋਟ ਦੀ ਕੰਧ ’ਤੇ ਵੀ ‘ਖ਼ਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਿਖੇ ਅਤੇ ਕੰਧ ਉੱਤੇ ਖ਼ਾਲਿਸਤਾਨ ਦਾ ਝੰਡਾ ਬਣਾਇਆ।