ਚਾਰ ਰੋਜ਼ਾ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਸਮਾਪਤ
ਮਾਤਾ ਜਸਵੰਤ ਕੌਰ ਸਰਵੋਤਮ ਮੌਲਿਕ ਬਾਲ ਪੁਰਸਕਾਰ ਮਨਜੀਤ ਕੌਰ ਅੰਬਾਲਵੀ ਨੂੰ
ਸਤਵਿੰਦਰ ਬਸਰਾ
ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵਲੋਂ ਮਨਾਏ ਜਾ ਰਹੇ ਚਾਰ ਰੋਜ਼ਾ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਦੇ ਅਖ਼ੀਰਲਾ ਦਿਨ ਨਾਰੀ ਆਵਾਜ਼ ਨੂੰ ਸਮਰਪਿਤ ਰਿਹਾ। ਸਮਾਗਮ ਦੀ ਪ੍ਰਧਾਨਗੀ ਡਾ. ਅਰਤਿੰਦਰ ਕੌਰ ਸੰਧੂ ਨੇ ਕੀਤੀ। ਮੁੱਖ ਮਹਿਮਾਨ ਵਜੋਂ ਹਰਪਾਲ ਸਿੰਘ ਸੇਵਕ ਅਤੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਕੰਵਲਜੀਤ ਢਿੱਲੋਂ ਸ਼ਾਮਲ ਹੋਏ। ਪ੍ਰਧਾਨਗੀ ਮੰਡਲ ਵਿਚ ਡਾ. ਸੁਖਦੇਵ ਸਿੰਘ ਸਿਰਸਾ ਤੇ ਡਾ. ਗੁਰਚਰਨ ਕੌਰ ਕੋਚਰ ਸ਼ਾਮਲ ਹੋਏ। ਅਕਾਦਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਸਭ ਨੂੰ ਜੀ ਆਇਆ ਨੂੰ ਕਿਹਾ। ਡਾ. ਸਿਰਸਾ ਨੇ ‘ਹਾਸ਼ੀਏ ਦਾ ਸਮਾਜ’ ਵਿਸ਼ੇ ’ਤੇ ਕਿਹਾ ਕਿ ਅਸੀਂ ਪੰਜਾਬੀ ਦੇ ਸਾਹਿਤਕਾਰ ਹਾਸ਼ੀਏ ਦੇ ਸਮਾਜ ਬਾਰੇ ਹਮਦਰਦੀ ਤਾਂ ਰੱਖਦੇ ਹਾਂ ਪਰ ਉਨ੍ਹਾਂ ਦੀ ਦ੍ਰਿਸ਼ਟੀ ਤੋਂ ਉਨ੍ਹਾਂ ਦੀ ਆਵਾਜ਼ ਨਹੀਂ ਬਣਦੇ। ਮੁੱਖ ਮਹਿਮਾਨ ਹਰਪਾਲ ਸਿੰਘ ਨੇ ਪਰਿਵਾਰਾਂ ਵਿਚ ਅਜਿਹਾ ਮਾਹੌਲ ਉਸਾਰਨਾ ਚਾਹੀਦਾ ਹੈ ਕਿ ਔਰਤ ਨਾਲ ਜ਼ਿਆਦਤੀ ਨਾ ਹੋਵੇ। ਵਿਸ਼ੇਸ਼ ਮਹਿਮਾਨ ਡਾ. ਕੰਵਲਜੀਤ ਕੌਰ ਢਿੱਲੋਂ ਨੇ ਕਿਹਾ ਕਿ ਭਾਵੇਂ ਇਸ ਮੇਲੇ ਵਿਚ ਔਰਤ ਆਵਾਜ਼ ਨੂੰ ਚੌਥਾ ਦਿਨ ਦਿੱਤਾ ਗਿਆ ਹੈ ਪਰ ਫਿਰ ਵੀ ਸ਼ਲਾਘਾ ਕਰਨੀ ਬਣਦੀ ਹੈ। ਸਮਾਗਮ ਦਾ ਪ੍ਰਧਾਨਗੀ ਭਾਸ਼ਨ ਦਿੰਦਿਆਂ ਡਾ. ਅਰਤਿੰਦਰ ਕੌਰ ਸੰਧੂ ਨੇ ਕਿਹਾ ਕਿ ਔਰਤਾਂ ਜਦੋਂ ਕੋਮਲ ਕਲਾਵਾਂ ਵਿਚ ਸਰਗਰਮੀ ਦਿਖਾਉਦੀਆਂ ਹਨ ਤਾਂ ਪਰਿਵਾਰਾਂ ਨੂੰ ਉਨ੍ਹਾਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ। ਇਸ ਮੌਕੇ ਡਾ. ਗੁਰਚਰਨ ਕੌਰ ਨੇ ਆਪਣੀ ਕਵਿਤਾ ਸਰੋਤਿਆਂ ਨਾਲ ਸਾਂਝੀ ਕੀਤੀ। ਅਕਾਦਮੀ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਪੁਸਤਕ ਮੇਲੇ ਅਤੇ ਸਾਹਿਤ ਉਤਸਵ ਮੌਕੇ ਪਹੁੰਚੇ ਪਬਲਿਸ਼ਰਜ਼, ਪਾਠਕਾਂ, ਲੇਖਕਾਂ, ਸਰੋਤਿਆਂ ਨੂੰ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹਿਣ ਦੀ ਅਪੀਲ ਕੀਤੀ। ਕਵੀ ਦਰਬਾਰ ਵਿਚ ਅਮਨ ਸੀ. ਸਿੰਘ, ਮੀਨਾ ਮਹਿਰੋਕ, ਅੰਮਿ੍ਤਪਾਲ ਕਲੇਰ, ਡਾ. ਤਰਸਪਾਲ ਕੌਰ, ਛਿੰਦਰ ਕੌਰ, ਜਗਜੀਤ ਕੌਰ ਢਿੱਲਵਾਂ, ਜਸਪ੍ਰੀਤ ਕੌਰ, ਸੁਰਿੰਦਰ ਗਿੱਲ, ਰਜਿੰਦਰ ਕੌਰ ਤੇ ਹਰਸਿਮਰਤ ਸ਼ਾਮਲ ਹੋਏ। ਅਕਾਦਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਦੇ ਪ੍ਰਧਾਨ ਸੁਰਿੰਦਰ ਸਿੰਘ ਬਿੰਦਰਾ ਅਤੇ ਟਰੱਸਟੀ ਅਮਰਜੀਤ ਸਿੰਘ ਟਿੱਕਾ ਦਾ ਧੰਨਵਾਦ ਕਰਦਿਆਂ ਚਾਰੋਂ ਦਿਨ ਲੰਗਰ ਦੀ ਸੇਵਾ ਨਿਭਾਉਣ ਵਾਲੇ ਹਰਭਜਨ ਸਿੰਘ, ਗੁਰਮੀਤ ਸਿੰਘ, ਹਰਮਿੰਦਰ ਸਿੰਘ, ਜੋਗਿੰਦਰ ਸਿੰਘ, ਲਖਵੀਰ ਸਿੰਘ ਹੋਰਾਂ ਨੂੰ ਦੋਸ਼ਾਲੇ ਦੇ ਕੇ ਸਨਮਾਨਤ ਕੀਤਾ ਗਿਆ। ਪ੍ਰੋਗਰਾਮ ਦੇ ਕਨਵੀਨਰ ਡਾ. ਅਰਵਿੰਦਰ ਕੌਰ ਕਾਕੜਾ ਨੇ ਸਮਾਗਮ ਦਾ ਬੜੀ ਸੰਜੀਦਗੀ ਨਾਲ ਮੰਚ ਸੰਚਾਲਨ ਕੀਤਾ। ਸਮਾਗਮ ’ਚ ਮਨਜੀਤ ਕੌਰ ਅੰਬਾਲਵੀ ਨੂੰ ‘ਮਾਤਾ ਜਸਵੰਤ ਕੌਰ ਸਰਵੋਤਮ ਮੌਲਿਕ ਬਾਲ ਪੁਰਸਕਾਰ 2024-25 ਦਿੱਤਾ ਗਿਆ। ਉਨ੍ਹਾਂ ਬਾਰੇ ਸ਼ੋਭਾ ਪੱਤਰ ਨਰਿੰਦਰਪਾਲ ਕੌਰ ਨੇ ਪੜ੍ਹਿਆ। ਇਸ ਦੌਰਾਨ ਸ਼ਾਮ ਦੇ ਸੈਸ਼ਨ ’ਚ ਉੱਘੇ ਨਾਟਕਕਾਰ ਭੁਪਿੰਦਰ ਉਤਰੇਜਾ ਦਾ ਨਾਟਕ ਖੇਡਿਆ ਗਿਆ। ਮੁੱਖ ਮਹਿਮਾਨ ਗੁਰਮੀਤ ਸਿੰਘ ਨੇ ਨਾਟਕ ਬਾਰੇ ਵਿਸ਼ੇਸ਼ ਟਿੱਪਣੀ ਕਰਦਿਆਂ ਕਲਾਕਾਰਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਉਤਸਵ ਮੌਕੇ ਚਾਰ ਦਿਨਾਂ ਵਿਚ ਚਾਰ ਲੱਖ ਰੁਪਏ ਦੇ ਕਰੀਬ ਪੁਸਤਕਾਂ ਦੀ ਵਿਕਰੀ ਹੋਈ।
ਇਸ ਮੌਕੇ ਕਹਾਣੀਕਾਰ ਬਚਿੰਤ ਕੌਰ, ਪ੍ਰੋ. ਸੁਰਜੀਤ ਜੱਜ, ਪ੍ਰੋ. ਰਵਿੰਦਰ ਸਿੰਘ ਭੱਠਲ, ਡਾ. ਗੁਰਇਕਬਾਲ ਸਿੰਘ, ਡਾ. ਜੋਗਿੰਦਰ ਸਿੰਘ ਨਿਰਾਲਾ, ਸੁਰਿੰਦਰ ਕੈਲੇ, ਡਾ. ਜਗਵਿੰਦਰ ਜੋਧਾ, ਤ੍ਰੈਲੋਚਨ ਲੋਚੀ, ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ, ਗੁਰਮੇਜ ਭੱਟੀ, ਡਾ. ਬਲਵਿੰਦਰ ਸਿੰਘ ਗਲੈਕਸੀ, ਦੀਪ ਦਿਲਬਰ, ਅਮਰਿੰਦਰ ਸੋਹਲ, ਮਨਦੀਪ ਕੌਰ ਭੰਮਰਾ, ਪ੍ਰਕਾਸ਼ ਕੌਰ, ਮਨਪ੍ਰੀਤ ਕੌਰ, ਹਰਭਜਨ ਸਿੰਘ, ਮੀਨਾ ਖੁਰਾਣਾ, ਬਲਜਿੰਦਰ ਕੌਰ, ਪਰਗਟ ਸਿੰਘ ਸਤੌਜ, ਹਰਵਿੰਦਰ ਸਿੰਘ ਚਹਿਲ, ਮਨਿੰਦਰ ਕੌਰ ਮਨ ਤੇ ਬਲਵਿੰਦਰ ਸਿੰਘ ਭੱਟੀ ਸ਼ਾਮਲ ਸਨ।

