ਇਕਬਾਲ ਸਿੰਘ ਸ਼ਾਂਤ
ਪਿੰਡ ਅਬੁੱਬਸ਼ਹਿਰ ਨੇੜੇ ਰਾਜਸਥਾਨ ਨਹਿਰ ’ਚੋਂ ਬੋਲੈਰੋ ਗੱਡੀ ਸਮੇਤ ਚਾਰ ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਮ੍ਰਿਤਕਾਂ ਦੀ ਪਛਾਣ ਰਵਿੰਦਰ (50), ਵਿਨੋਦ (35) ਉਰਫ ਬਿੰਦਰ ਤੇ ਰਾਏ ਸਿੰਘ (28) ਵਾਸੀ ਪਿੰਡ ਕਾਲੂਆਣਾ, ਜਦਕਿ ਬਲਬੀਰ (55) ਵਾਸੀ ਗਣੇਸ਼ਗੜ੍ਹ (ਰਾਜਸਥਾਨ) ਵਜੋਂ ਹੋਈ ਹੈ।
ਇਹ ਸਾਰੇ 13 ਜੁਲਾਈ ਦੀ ਰਾਤ ਨੂੰ ਪਿੰਡ ਕਾਲੂਆਣਾ ਤੋਂ ਬੋਲੈਰੋ ਗੱਡੀ ਵਿੱਚ ਪਿੰਡ ਮੱਮੜ ਅਤੇ ਗਣੇਸ਼ਗੜ੍ਹ ਲਈ ਰਵਾਨਾ ਹੋਏ ਸਨ। ਬਾਅਦ ਵਿੱਚ ਇਨ੍ਹਾਂ ਦੇ ਮੋਬਾਈਲ ਬੰਦ ਆਉਣ ਲੱਗੇ। ਅਗਲੇ ਦਿਨ ਪਰਿਵਾਰ ਨੇ ਕਿਸੇ ਅਣਸੁਖਾਵੀਂ ਘਟਨਾ ਦੇ ਖਦਸ਼ੇ ਵਿੱਚ ਸਦਰ ਪੁਲੀਸ ਨਾਲ ਰਾਬਤਾ ਕੀਤਾ। ਪੁਲੀਸ ਜਾਂਚ ਵਿੱਚ ਉਨ੍ਹਾਂ ਦੇ ਮੋਬਾਈਲ ਫੋਨਾਂ ਦੀ ਆਖ਼ਰੀ ਲੋਕੇਸ਼ਨ ਅਬੁੱਬਸ਼ਹਿਰ ਪਿੰਡ ਨੇੜੇ ਹੋਣ ਦਾ ਪਤਾ ਲੱਗਾ। ਇਸ ਆਧਾਰ ’ਤੇ ਕਾਲੂਆਣਾ ਤੋਂ ਦਰਜਨਾਂ ਪਿੰਡ ਵਾਸੀ ਅਤੇ ਪਰਿਵਾਰਕ ਮੈਂਬਰ ਨਹਿਰ ਨੇੜੇ ਗੱਡੀ ਦੀ ਭਾਲ ਵਿੱਚ ਜੁਟ ਗਏ। ਪੁਲੀਸ ਨੇ ਗੱਡੀ ਲੱਭਣ ਲਈ ਗੋਤਾਖੋਰਾਂ ਦੀ ਮਦਦ ਲਈ। ਕਾਫੀ ਭਾਲ ਤੋਂ ਬਾਅਦ ਕਾਲਾ ਤਿੱਤਰ ਅਤੇ ਕਾਲੂਆਣਾ ਪੁਲ ਦੇ ਵਿਚਕਾਰ ਨਹਿਰ ’ਚੋਂ ਬੋਲੈਰੋ ਮਿਲੀ ਅਤੇ ਇਸੇ ਵਿੱਚ ਤਿੰਨ ਲਾਸ਼ਾਂ ਸਨ। ਇਸੇ ਤਰ੍ਹਾਂ ਇਨ੍ਹਾਂ ਨੂੰ ਕਢਦਿਆਂ ਇੱਕ ਲਾਸ਼ ਪਾਣੀ ਦੇ ਉਪਰ ਆ ਗਈ। ਥਾਣਾ ਸਦਰ ਦੇ ਮੁਖੀ ਸ਼ੈਲੇਂਦਰ ਕੁਮਾਰ ਨੇ ਦੱਸਿਆ ਕਿ ਰਾਜਸਥਾਨ ਨਹਿਰ ’ਚੋਂ ਚਾਰੇ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਪੋਸਟਮਾਰਟਮ ਮਗਰੋਂ ਲਾਸ਼ਾਂ ਉਨ੍ਹਾਂ ਦੇ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਘਟਨਾ ਦੀ ਜਾਂਚ ਜਾਰੀ ਹੈ। ਪਿੰਡ ਕਾਲੂਆਣਾ ਵਿੱਚ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ ਹੈ।