ਇੱਥੋਂ ਦੀ ਪੁਲੀਸ ਨੇ ਵੱਖ-ਵੱਖ ਥਾਵਾਂ ’ਤੋਂ ਸੱਤ ਕਿਲੋ 776 ਗ੍ਰਾਮ ਹੈਰੋਇਨ ਸਮੇਤ ਚਾਰ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੰਜ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲੇ ਦਰਜ ਕੀਤੇ ਹਨ। ਜ਼ਿਲ੍ਹਾ ਪੁਲੀਸ ਮੁਖੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ ਫਿਰੋਜ਼ਪੁਰ ਪੁਲੀਸ ਨੂੰ ਇਤਲਾਹ ਮਿਲੀ ਕਿ ਕਮਲ ਕੁਮਾਰ ਵਾਸੀ ਗਲੀ ਨੰਬਰ ਛੇ ਕਸੂਰੀ ਗੇਟ, ਫਿਰੋਜ਼ਪੁਰ ਅਤੇ ਰਾਹੁਲ ਵਾਸੀ ਪਿੰਡ ਇੱਛੇ ਵਾਲਾ, ਫਿਰੋਜ਼ਪੁਰ ਦੋਵੇਂ ਆਪਸ ਵਿਚ ਮਿਲ ਕੇ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ। ਜਾਣਕਾਰੀ ਮਿਲੀ ਕੇ ਉਹ ਦੋਵੇਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਭਾਰੀ ਮਾਤਰਾ ਵਿੱਚ ਹੈਰੋਇਨ ਲੈ ਕੇ ਵੇਚਣ ਲਈ ਪਿੰਡ ਕੁੰਡੇ ਵੱਲੋਂ ਫਿਰੋਜ਼ਪੁਰ ਸ਼ਹਿਰ ਵੱਲ ਨੂੰ ਆ ਰਹੇ ਹਨ। ਪੁਲੀਸ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੂੰ ਛਾਪੇਮਾਰੀ ਕਰ ਕੇ ਗ੍ਰਿਫਤਾਰ ਕੀਤਾ ਗਿਆ ਤੇ ਉਨ੍ਹਾਂ ਕੋਲੋਂ ਇਕ ਕਿਲੋ ਨੌਂ ਗ੍ਰਾਮ ਹੈਰੋਇਨ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ।
ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਇੰਸਪੈਕਟਰ ਮੋਹਿਤ ਧਵਨ ਨੂੰ ਇਤਲਾਹ ਮਿਲੀ ਕਿ ਕ੍ਰਿਸ਼ਨ ਸਿੰਘ ਵਾਸੀ ਪਿੰਡ ਨਿਆਲ, ਪਟਿਆਲਾ ਹੈਰੋਇਨ ਦੀ ਤਸਕਰੀ ਕਰਦਾ ਹੈ। ਉਸ ਕੋਲ ਇਕ ਗੱਡੀ ਮਹਿੰਦਰਾ ਪਿਕਅੱਪ ਹੈ, ਜਿਸ ਰਾਹੀਂ ਉਹ ਫਿਰੋਜ਼ਪੁਰ ’ਚੋਂ ਅਕਸਰ ਹੀ ਹੈਰੋਇਨ ਲਿਜਾ ਕੇ ਆਪਣੇ ਇਲਾਕੇ ਵਿੱਚ ਵੇਚਦਾ ਕਰਦਾ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਨਾਕਾਬੰਦੀ ਕਰ ਕੇ ਉਕਤ ਵਿਅਕਤੀ ਨੂੰ ਕਾਬੂ ਕੀਤਾ ਅਤੇ ਉਸ ਕੋਲੋਂ ਪੰਜ ਕਿਲੋ 225 ਗ੍ਰਾਮ ਹੈਰੋਇਨ, ਇਕ ਗੱਡੀ ਮਹਿੰਦਰਾ ਅਤੇ ਇਕ ਮੋਬਾਇਲ ਫੋਨ ਬਰਾਮਦ ਹੋਇਆ। ਇਸੇ ਤਰ੍ਹਾਂ ਰੋਹਿਤ ਕੁਮਾਰ ਵਾਸੀ ਝੁੱਗੇ ਹਜ਼ਾਰਾ ਸਿੰਘ ਵਾਲਾ ਨੂੰ ਇਕ ਕਿਲੋ 542 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ। ਪੁਲੀਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।