ਸਰਹੱਦ ਪਾਰੋਂ ਹਥਿਆਰ ਤਸਕਰੀ ਦੇ ਦੋਸ਼ ਹੇਠ 7 ਪਿਸਤੌਲਾਂ ਸਣੇ ਚਾਰ ਗ੍ਰਿਫ਼ਤਾਰ
ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਸਰਹੱਦ ਪਾਰੋਂ ਹੋ ਰਹੀ ਹਥਿਆਰ ਤਸਕਰੀ ਵਿੱਚ ਸ਼ਾਮਲ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਸੱਤ ਅਤਿ-ਆਧੁਨਿਕ ਪਿਸਤੌਲ ਬਰਾਮਦ ਕੀਤੇ। ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੇ ਦਿੱਤੀ। ਮੁਲਜ਼ਮਾਂ ਦੀ ਪਛਾਣ ਅੰਮ੍ਰਿਤਸਰ ਦੇ ਪਿੰਡ ਦਾਓਕੇ ਵਾਸੀ ਅਕਾਸ਼ਦੀਪ ਸਿੰਘ ਉਰਫ਼ ਆਕਾਸ਼ (20), ਪਿੰਡ ਬਾਘਾ ਕਲਾਂ ਵਾਸੀ ਰਮਨਪ੍ਰੀਤ ਸਿੰਘ (23), ਫਿਰੋਜ਼ਪੁਰ ਦੇ ਪਿੰਡ ਸੁਰ ਸਿੰਘ ਦਾ ਵਾਸੀ ਪ੍ਰਤਾਪ ਸਿੰਘ (25) ਅਤੇ ਅੰਮ੍ਰਿਤਸਰ ਦਾ ਸਰਬਜੀਤ ਸਿੰਘ ਉਰਫ਼ ਬੱਬਲ (25) ਵਜੋਂ ਹੋਈ ਹੈ। ਬਰਾਮਦ ਕੀਤੇ ਹਥਿਆਰਾਂ ਵਿੱਚ ਦੋ 9 ਐੱਮਐੱਮ ਪੀਐਕਸ 5, ਦੋ 9 ਐੱਮਐੱਮ ਗਲੌਕ ਅਤੇ ਤਿੰਨ .30 ਬੋਰ ਪਿਸਤੌਲ ਸ਼ਾਮਲ ਹਨ। ਡੀਜੀਪੀ ਨੇ ਕਿਹਾ ਕਿ ਮੁਲਜ਼ਮ ਪਾਕਿਸਤਾਨ ਸਥਿਤ ਤਸਕਰਾਂ ਦੇ ਸੰਪਰਕ ਵਿੱਚ ਸਨ ਅਤੇ ਭਾਰਤ-ਪਾਕਿ ਸਰਹੱਦ ਨੇੜਲੇ ਖੇਤਰ ਵਿੱਚ ਖੇਪ ਪ੍ਰਾਪਤ ਕਰਕੇ ਸੂਬੇ ਵਿੱਚ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਦੇ ਸਨ। ਉਨ੍ਹਾਂ ਤੋਂ ਚਾਰ ਪਿਸਤੌਲ, ਦੋ ਪੀਐਕਸ 5 9 ਐੱਮਐੱਮ ਅਤੇ ਦੋ .30 ਬੋਰ ਪਿਸਤੌਲ ਬਰਾਮਦ ਕੀਤੇ ਹਨ। ਮਗਰੋਂ ਉਨ੍ਹਾਂ ਦੇ ਦੋ ਸਾਥੀਆਂ ਪ੍ਰਤਾਪ ਸਿੰਘ ਅਤੇ ਸਰਬਜੀਤ ਸਿੰਘ ਉਰਫ਼ ਬੱਬਲ ਨੂੰ ਵੀ ਉਸੇ ਖੇਤਰ ਤੋਂ ਗ੍ਰਿਫ਼ਤਾਰ ਕੀਤਾ। ਉਨ੍ਹਾਂ ਕੋਲੋਂ ਤਿੰਨ ਹੋਰ ਪਿਸਤੌਲ ਬਰਾਮਦ ਕੀਤੇ ਗਏ ਹਨ।