ਸਾਬਕਾ ਬੈਂਕ ਮੈਨੇਜਰ ਦੇ ਕਤਲ ਮਾਮਲੇ ’ਚ ਪਤਨੀ ਸਣੇ ਚਾਰ ਗ੍ਰਿਫ਼ਤਾਰ
ਸਰਬਜੀਤ ਸਿੰਘ ਭੰਗੂ
ਪਟਿਆਲਾ, 22 ਅਕਤੂਬਰ
ਇੱਥੋਂ ਦੇ ਸੰਤ ਨਗਰ ਦੇ ਵਸਨੀਕ ਸੇਵਾਮੁਕਤ ਬੈਂਕ ਮੈਨੇਜਰ ਬਲਬੀਰ ਸਿੰਘ ਚਾਹਲ (67) ਦੇ ਦੋ ਦਿਨ ਪਹਿਲਾਂ ਹੋਏ ਅੰਨ੍ਹੇ ਕਤਲ ਦੀ ਗੁੱਥੀ ਪੁਲੀਸ ਨੇ ਸੁਲਝਾ ਲਈ ਹੈ। ਪੁਲੀਸ ਨੇ ਇਸ ਮਾਮਲੇ ’ਚ ਮ੍ਰਿਤਕ ਦੀ ਪਤਨੀ ਸਣੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਦੀ ਮੁੱਢਲੀ ਜਾਂਚ ਵਿੱਚ ਕਤਲ ਦੀ ਮੁੱਖ ਵਜ੍ਹਾ ਪਤੀ ਦੇ ਬੀਮੇ ਦੀ ਰਕਮ, ਹੋਰ ਫੰਡ ਅਤੇ ਜਾਇਦਾਦ ਹੜੱਪਣਾ ਦੱਸਿਆ ਜਾ ਰਿਹਾ ਹੈ।
ਇੱਥੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਇਸ ਕਤਲ ਦੀ ਵਾਰਦਾਤ ਵਿੱਚ ਸ਼ਾਮਲ ਚਾਰੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਵਿੱਚ ਮ੍ਰਿਤਕ ਦੀ ਪਤਨੀ ਹਰਪ੍ਰੀਤ ਕੌਰ ਚਾਹਲ, ਉਸ ਦਾ ਪ੍ਰੇਮੀ ਗੁਰਤੇਜ ਸਿੰਘ ਗੁਰੀ ਅਤੇ ਉਸ ਦੇ ਦੋਸਤ ਅਜੈ ਤੇ ਅਰਸ਼ਪ੍ਰੀਤ ਸਿੰਘ ਵਾਸੀਆਨ ਪਿੰਡ ਸ਼ਾਦੀਪੁਰ, ਜ਼ਿਲ੍ਹਾ ਪਟਿਆਲਾ ਸ਼ਾਮਲ ਹਨ। ਮੁਲਜ਼ਮਾਂ ਨੂੰ ਸੀਆਈਏ ਇੰਚਾਰਜ ਸ਼ਮਿੰਦਰ ਸਿੰਘ, ਥਾਣਾ ਸਿਵਲ ਲਾਈਨ ਦੇ ਮੁਖੀ ਹਰਜਿੰਦਰ ਢਿੱਲੋਂ ਤੇ ਪੁਲੀਸ ਚੌਕੀ ਮਾਡਲ ਟਾਊਨ ਦੇ ਇੰਚਾਰਜ ਰਣਜੀਤ ਰਿਤੂ ਵੱਲੋਂ ਐੱਸਪੀ ਹਰਵੀਰ ਅਟਵਾਲ, ਡੀਐੱਸਪੀ ਸੁਖਅੰਮ੍ਰਿਤ ਰੰਧਾਵਾ ਤੇ ਸੰਜੀਵ ਸਿੰਗਲਾ ਦੀ ਅਗਵਾਈ ਹੇਠ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਛੇ ਮੈਂਬਰੀ ਜਾਂਚ ਟੀਮ ਨੇ ਇਸ ਮਾਮਲੇ ਨੂੰ ਤਕਨੀਕੀ ਸਾਧਨਾਂ ਅਤੇ ਹੋਰ ਸਬੂਤਾਂ ਦੇ ਆਧਾਰ ’ਤੇ 48 ਘੰਟਿਆਂ ਵਿੱਚ ਹੱਲ ਕੀਤਾ। ਜਾਂਚ ਅਧਿਕਾਰੀ ਇੰਸਪੈਕਟਰ ਹਰਜਿੰਦਰ ਢਿੱਲੋਂ ਅਨੁਸਾਰ 19 ਅਕਤੂਬਰ ਨੂੰ ਤੜਕੇ ਪਾਸੀ ਰੋਡ ’ਤੇ ਕੀਤੇ ਗਏ ਇਸ ਕਤਲ ਸਬੰਧੀ ਥਾਣਾ ਸਿਵਲ ਲਾਈਨ ’ਚ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ।