ਕਾਲੀ ਮਾਤਾ ਮੰਦਰ ਦੇ ਸੁੰਦਰੀਕਰਨ ਦਾ ਨੀਂਹ ਪੱਥਰ ਰੱਖਿਆ
ਮਾਨ ਤੇ ਕੇਜਰੀਵਾਲ ਮੰਦਰ ’ਚ ਨਤਮਸਤਕ; ਪ੍ਰਾਜੈਕਟ ਸਾਲ ਵਿੱਚ ਮੁਕੰਮਲ ਕਰਨ ਦਾ ਦਾਅਵਾ
ਸਰਬਜੀਤ ਸਿੰਘ ਭੰਗੂ
ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਇੱਥੇ ਇਤਿਹਾਸਕ ਤੇ ਪ੍ਰਾਚੀਨ ਕਾਲੀ ਮਾਤਾ ਮੰਦਰ ਦੇ ਨਵੀਨੀਕਰਨ ਤੇ ਸੁੰਦਰੀਕਰਨ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ’ਤੇ 75 ਕਰੋੜ ਰੁਪਏ ਖਰਚੇ ਜਾਣਗੇ ਤੇ ਪਵਿੱਤਰ ਮੰਦਰ ਦੀ ਵਿਰਾਸਤੀ ਤੇ ਇਤਿਹਾਸਕ ਦਿੱਖ ਨੂੰ ਨਿਖਾਰਨ ਲਈ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡੇਗੀ। ਮੁੱਖ ਮੰਤਰੀ ਤੇ ਪਾਰਟੀ ਦੇ ਕੌਮੀ ਕਨਵੀਨਰ ਨੇ ਸਭ ਤੋਂ ਪਹਿਲਾਂ ਮੰਦਰ ਵਿੱਚ ਮੱਥਾ ਟੇਕਿਆ ਤੇ ਯੱਗ ਵਿੱਚ ਸ਼ਿਰਕਤ ਕਰਨ ਉਪਰੰਤ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ, ਕੋਰੀਡੋਰ ਦਾ ਨਿਰਮਾਣ, ਮੰਦਰ ਅਤੇ ਸਰੋਵਰ ਦੀ ਮੁਰੰਮਤ ਤੇ ਸਜਾਵਟ, ਮੰਦਰ ਵਿੱਚ ਲਾਈਟਾਂ ਅਤੇ ਸਾਊਂਡ ਸਿਸਟਮ ਲਗਾਉਣ ਨਾਲ ਸਬੰਧਤ ਹੈ। ਮੰਦਰ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਤੇ ਰਾਜ ਸਭਾ ਮੈਂਬਰ ਰਾਜਿੰਦਰ ਗੁਪਤਾ ਸਮੇਤ ਮੈਂਬਰਾਂ ਨੇ ਦੋਵਾਂ ਆਗੂਆਂ ਦਾ ਧੰਨਵਾਦ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਉਹ ਖੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਇਸ ਵਿਰਾਸਤੀ ਸ਼ਹਿਰ ਦੇ ਸੁੰਦਰੀਕਰਨ ਲਈ ਵਿਕਾਸ ਕਾਰਜ ਭਵਿੱਖ ਵਿੱਚ ਵੀ ਜਾਰੀ ਰਹਿਣਗੇ। ਅਰਵਿੰਦ ਕੇਜਰੀਵਾਲ ਨੇ ਵੀ ਕਿਹਾ ਕਿ ਇਹ ਪ੍ਰਾਜੈਕਟ ਅਗਲੇ ਸਾਲ ਸਤੰਬਰ ਤੱਕ ਮੁਕੰਮਲ ਕਰ ਲਿਆ ਜਾਵੇਗਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਇਮਾਨਦਾਰੀ ਨਾਲ ਕੰਮ ਕਰਨ ’ਤੇ ਮੇਅਰ ਕੁੰਦਨ ਗੋਗੀਆ ਦੀ ਪਿੱਠ ਥਾਪੜੀ ਅਤੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਨਾਲ ਵੀ ਫ਼ਤਿਹ ਸਾਂਝੀ ਹੋਈ। ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਹੇ ਬਲਤੇਜ ਪੰਨੂ ਨੇ ਦੱਸਿਆ ਕਿ ਮੰਦਰ ਦੀ ਮੁੱਖ ਐਂਟਰੀ ਸ਼ੇਰਾਂਵਾਲਾ ਗੇਟ ਵਾਲੇ ਪਾਸਿਓਂ ਹੋਵੇਗੀ। ਇਸ ਮੌਕੇ ‘ਆਪ’ ਪੰਜਾਬ ਦੇ ਇੰਚਾਰਚ ਮਨੀਸ਼ ਸਿਸੋਦੀਆ ਨੇ ਵੀ ਸੰਬੋਧਨ ਕੀਤਾ। ਮੁੱਖ ਮੰਤਰੀ ਦੇ ਓ ਐੱਸ ਡੀ ਸੁਖਬੀਰ ਘਰਾਚੋਂ ਨੇ ਮੁੱਖ ਮੰਤਰੀ ਲਈ ਆਏ ਕੁਝ ਮੰਗ ਪੱਤਰ ਹਾਸਲ ਕੀਤੇ। ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਵਿਧਾਇਕ ਅਜੀਤਪਾਲ ਕੋਹਲੀ ਤੇ ਗੁਰਲਾਲ ਘਨੌਰ, ਮੇਅਰ ਕੁੰਦਨ ਗੋਗੀਆ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ ਤੇ ਅਜੈ ਅਲੀਪੁਰੀਆ ਮੌਜੂਦ ਸਨ।

