ਸਾਬਕਾ ਸੰਸਦ ਮੈਂਬਰ ਦੇ ਪੀਏ ਦੇ ਕਤਲ ਮਾਮਲੇ ’ਚ ਕਾਬੂ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਜੁਲਾਈ
ਸਾਬਕਾ ਸੰਸਦ ਮੈਂਬਰ ਜਗਦੇਵ ਸਿੰਘ ਤਲਵੰਡੀ ਦੇ ਪੀਏ ਕੁਲਦੀਪ ਸਿੰਘ ਦੇ ਕਤਲ ਮਾਮਲੇ ਵਿੱਚ ਲੁਧਿਆਣਾ ਪੁਲੀਸ ਨੇ ਜੰਮੂ ਪੁਲੀਸ ਦੀ ਮਦਦ ਨਾਲ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਵੱਲੋਂ ਇਸ ਵਾਰਦਾਤ ’ਚ ਸ਼ਾਮਲ ਹੋਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਕੁਲਦੀਪ ਸਿੰਘ ਦਾ ਦੂਰ ਦਾ ਰਿਸ਼ਤੇਦਾਰ ਸ਼ਾਮਲ ਸੀ।
ਜਾਣਕਾਰੀ ਅਨੁਸਾਰ ਕੁਲਦੀਪ ਨੂੰ 27 ਜੂਨ ਨੂੰ ਘਰ ਜਾਂਦੇ ਸਮੇਂ ਧਾਂਦਰਾ ਰੋਡ ਨੇੜੇ ਕਤਲ ਦਿੱਤਾ ਗਿਆ ਸੀ। ਇਸ ਘਟਨਾ ਦੀ ਵੀਡੀਓ ਨੇੜੇ ਰਹਿਣ ਵਾਲੀ ਔਰਤ ਨੇ ਬਣਾਈ ਸੀ। ਜਾਂਚ ਦੌਰਾਨ ਪੁਲੀਸ ਨੂੰ ਹਮਲਾਵਰਾਂ ਵੱਲੋਂ ਵਰਤੀ ਕਾਰ ਦਾ ਨੰਬਰ ਪਤਾ ਲੱਗਿਆ ਸੀ। ਇਸ ਦੇ ਆਧਾਰ ’ਤੇ ਪੜਤਾਲ ਮਗਰੋਂ ਪੁਲੀਸ ਨੂੰ ਪਤਾ ਲੱਗਿਆ ਸੀ ਕਿ ਇਹ ਕਾਰ ਟੈਕਸੀ ਹੈ। ਟੈਕਸੀ ਡਰਾਈਵਰ ਨੇ ਪੁਲੀਸ ਨੂੰ ਦੱਸਿਆ ਸੀ ਕਿ ਦੋਰਾਹਾ ਦੇ ਰਹਿਣ ਵਾਲੇ ਇੰਦਰਪਾਲ ਸਿੰਘ ਨੇ ਫੋਨ ਕਰ ਕੇ ਕਾਰ ਬੁੱਕ ਕੀਤੀ ਸੀ। ਇੰਦਰਪਾਲ ਸਿੰਘ ਮ੍ਰਿਤਕ ਕੁਲਦੀਪ ਦਾ ਰਿਸ਼ਤੇਦਾਰ ਹੈ। ਇਸ ਤੋਂ ਇਲਾਵਾ ਪੁਲੀਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਇੰਦਰਪਾਲ ਅਤੇ ਕੁਲਦੀਪ ਵਿਚਕਾਰ ਜਾਇਦਾਦ ਦਾ ਝਗੜਾ ਸੀ। ਏਡੀਸੀਪੀ-2 ਕਰਨਵੀਰ ਸਿੰਘ ਨੇ ਕਿਹਾ ਕਿ ਜੰਮੂ ਪੁਲੀਸ ਨਾਲ ਸਾਂਝੇ ਅਪਰੇਸ਼ਨ ਵਿੱਚ ਲੁਧਿਆਣਾ ਪੁਲੀਸ ਨੇ ਸਦਰ ਇਲਾਕੇ ਦੇ ਰਹਿਣ ਵਾਲੇ ਗੁਰਚਰਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਗੁਰਚਰਨ ਉਨ੍ਹਾਂ ਚਾਰ ਕਾਤਲਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਮੁੱਖ ਮੁਲਜ਼ਮ ਨੇ ਸੁਪਾਰੀ ਦੇ ਕੇ ਕਤਲ ਲਈ ਬੁਲਾਇਆ ਸੀ। ਪੁੱਛਗਿੱਛ ਦੌਰਾਨ ਗੁਰਚਰਨ ਨੇ ਕਿਹਾ ਕਿ ਉਹ ਮੁੱਖ ਸਾਜ਼ਿਸ਼ਕਰਤਾ ਨੂੰ ਸਿੱਧੇ ਤੌਰ ’ਤੇ ਨਹੀਂ ਜਾਣਦਾ ਸੀ ਕਿਉਂਕਿ ਉਸ ਦਾ ਇੱਕ ਸਾਥੀ ਉਸ ਦੇ ਸੰਪਰਕ ਵਿੱਚ ਸੀ।