ਸਾਬਕਾ ਵਿਧਾਇਕ ਨੇ ਬੱਸ ਅੱਡੇ ’ਚ ਨਸ਼ੇੜੀ ਫੜਿਆ
ਇੱਥੇ ਬੱਸ ਅੱਡੇ ਦੇ ਦੌਰੇ ਦੌਰਾਨ ਸਾਬਕਾ ਵਿਧਾਇਕ ਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਨੇ ਬੱਸ ਅੱਡੇ ’ਚ ਨੌਜਵਾਨ ਨੂੰ ਨਸ਼ਾ ਕਰਦੇ ਹੋਏ ਕਾਬੂ ਕੀਤਾ। ਇਸ ਦੌਰਾਨ ਸ੍ਰੀ ਜ਼ੀਰਾ ਨੇ ਨੌਜਵਾਨ ਨਾਲ ਗੱਲਬਾਤ ਕਰ ਕੇ ਉਸ ਵੱਲੋਂ ਨਸ਼ਾ ਕਰਨ ਦਾ ਕਾਰਨ ਜਾਨਣ ਦੀ ਕੋਸ਼ਿਸ਼ ਵੀ ਕੀਤੀ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਸਬੰਧੀ ਸ੍ਰੀ ਜ਼ੀਰਾ ਨੇ ਦੱਸਿਆ ਕਿ ਨਸ਼ਾ ਕਰਨ ਵਾਲੇ ਨੌਜਵਾਨ ਦੀ ਇੱਕ ਲੱਤ ਟੁੱਟੀ ਹੋਈ ਹੈ ਤੇ ਇੱਕ ਗਿੱਟੇ ਵਿੱਚ ਵੀ ਦਿੱਕਤ ਹੈ। ਬੇਰੁਜ਼ਗਾਰ ਹੋਣ ਕਾਰਨ ਨਿਰਾਸ਼ਾ ਦੇ ਆਲਮ ਵਿੱਚ ਉਹ ਨਸ਼ੇ ਕਰਨ ਲੱਗ ਪਿਆ ਹੈ। ਉਸ ਨੇ ਦੱਸਿਆ ਕਿ ਉਹ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਗੋਲੀ ਨੂੰ ਨਸ਼ੇ ਦੇ ਤੌਰ ’ਤੇ ਇਸਤੇਮਾਲ ਕਰ ਰਿਹਾ ਸੀ। ਕੁਲਬੀਰ ਸਿੰਘ ਜ਼ੀਰਾ ਨੇ ਨੌਜਵਾਨ ਕੋਲੋਂ ਇੱਕ ਲਾਈਟਰ ਵੀ ਬਰਾਮਦ ਕੀਤਾ ਹੈ। ਇਸ ਮੌਕੇ ਸ੍ਰੀ ਜ਼ੀਰਾ ਨੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਜ਼ੀਰਾ ਹਲਕੇ ਦੀ ਪੁਲੀਸ ਕੋਈ ਕਾਰਵਾਈ ਨਹੀਂ ਕਰ ਰਹੀ। ਨਸ਼ੇ ਦੇ ਆਦੀ ਵਿਅਕਤੀ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਵੀ ਅੰਜ਼ਾਮ ਦਿੰਦੇ ਹਨ। ਸ੍ਰੀ ਜ਼ੀਰਾ ਨੇ ਕਿਹਾ ਕਿ ਜੇ ਪੁਲੀਸ ਅਤੇ ਸਿਹਤ ਅਮਲਾ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਂਦੇ ਤਾਂ ਹਜ਼ਾਰਾਂ ਨੌਜਵਾਨਾਂ ਨੂੰ ਬਚਾਇਆ ਜਾ ਸਕਦਾ ਸੀ। ਇਸ ਸਬੰਧੀ ਡੀ ਐੱਸ ਪੀ ਜ਼ੀਰਾ ਨੇ ਕਿਹਾ ਕਿ ਉਹ ਸ਼ਹਿਰ ਤੋਂ ਬਾਹਰ ਹਨ। ਉਨ੍ਹਾਂ ਕਿਹਾ ਕਿ ਇਸ ਨੌਜਵਾਨ ਦਾ ਜ਼ੀਰਾ ਦੇ ਪ੍ਰਾਈਵੇਟ ਹਸਪਤਾਲ ਤੋਂ ਨਸ਼ਾ ਛੁਡਵਾਉਣ ਦਾ ਇਲਾਜ ਚੱਲ ਰਿਹਾ ਹੈ।