ਸਾਬਕਾ ਵਿਧਾਇਕ ਆਂਵਲਾ ਨੇ ਅੰਮ੍ਰਿਤ ਦੇ ਪਰਿਵਾਰ ਦੀ ਬਾਂਹ ਫੜੀ
ਸੰਜੀਵ ਹਾਂਡਾ
ਫ਼ਿਰੋਜ਼ਪੁਰ, 27 ਨਵੰਬਰ
ਕਸਬਾ ਮਮਦੋਟ ਅਧੀਨ ਪੈਂਦੇ ਪਿੰਡ ਸੈਦੇ ਕੇ ਨਿਉਲ ਦੇ ਰਹਿਣ ਵਾਲੇ ਅੰਮ੍ਰਿਤ ਨਾਂ ਦੇ ਬੱਚੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਜਲਾਲਬਾਦ ਦੇ ਸਾਬਕਾ ਵਿਧਾਇਕ ਰਮਿੰਦਰ ਆਂਵਲਾ ਅੱਜ ਇਸ ਲੋੜਵੰਦ ਪਰਿਵਾਰ ਦੇ ਘਰ ਪਹੁੰਚੇ। ਆਂਵਲਾ ਨੇ ਬੱਚੇ ਦੇ ਮਾਪਿਆਂ ਨੂੰ ਆਪਣੇ ਬਿਜਲੀ ਪਲਾਂਟ ਵਿੱਚ ਨੌਕਰੀ ਦੇ ਦਿੱਤੀ ਹੈ ਅਤੇ ਪਰਿਵਾਰ ਦੀ ਆਰਥਿਕ ਸਹਾਇਤਾ ਲਈ 51 ਹਜ਼ਾਰ ਰੁਪਏ ਵੀ ਦਿੱਤੇ ਹਨ। ਕੁਝ ਦਿਨ ਪਹਿਲਾਂ ਅੰਮ੍ਰਿਤ ਜਦੋਂ ਪੜ੍ਹਨ ਵਾਸਤੇ ਆਪਣੇ ਸਰਕਾਰੀ ਸਕੂਲ ਪੁੱਜਾ ਸੀ ਤਾਂ ਉਸ ਨੇ ਰੋਟੀ ਨਹੀਂ ਸੀ ਖਾਧੀ। ਸਕੂਲ ਦੇ ਅਧਿਆਪਕ ਨੇ ਉਸ ਦੀ ਵੀਡੀਓ ਬਣਾਈ ਜਿਸ ਵਿੱਚ ਇਸ ਬੱਚੇ ਨੇ ਘਰ ਵਿੱਚ ਆਟਾ ਨਾ ਹੋਣ ਬਾਰੇ ਦੱਸਿਆ। ਅਧਿਆਪਕ ਵੱਲੋਂ ਪਾਈ ਇਹ ਵੀਡੀਓ ਕੁਝ ਹੀ ਘੰਟਿਆਂ ਵਿੱਚ ਵਾਇਰਲ ਹੋ ਗਈ। ਅੰਮ੍ਰਿਤ ਦੀ ਮਾਂ ਨੇ ਮੀਡੀਆ ਨੂੰ ਦੱਸਿਆ ਕਿ ਕਈ ਵਾਰ ਘਰ ’ਚ ਆਟਾ ਨਾ ਹੋਣ ਕਾਰਨ ਉਨ੍ਹਾਂ ਦੇ ਬੱਚਿਆਂ ਨੂੰ ਭੁੱਖੇ ਹੀ ਸਕੂਲ ਜਾਣਾ ਪੈਂਦਾ ਹੈ। ਇਹ ਵੀਡੀਓ ਵੇਖ ਕੇ ਦੇਸ਼-ਵਿਦੇਸ਼ ਤੋਂ ਕਈ ਪਰਿਵਾਰ ਅੰਮ੍ਰਿਤ ਦੇ ਪਰਿਵਾਰ ਦੀ ਆਰਥਿਕ ਮਦਦ ਲਈ ਅੱਗੇ ਆ ਰਹੇ ਹਨ।