ਬੀ ਐੱਸ ਚਾਨਾ
‘ਆਪ’ ਆਗੂ ਨਿਤਿਨ ਨੰਦਾ ’ਤੇ ਗੋਲੀ ਚਲਾਉਣ ਦੇ ਮਾਮਲੇ ਵਿੱਚ ਚੰਡੀਗੜ੍ਹ ਪੁਲੀਸ ਦੇ ਸਾਬਕਾ ਡੀ ਐੱਸ ਪੀ ਦਿਲਸ਼ੇਰ ਸਿੰਘ ਨੂੰ ਰੂਪਨਗਰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਰੂਪਨਗਰ ਦੇ ਐੱਸ ਐੱਸ ਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਕੱਲ੍ਹ ਇਸ ਘਟਨਾ ਦਾ ਪਤਾ ਚੱਲਣ ’ਤੇ ਪੁਲੀਸ ਨੇ ਤਰੁੰਤ ਕਾਰਵਾਈ ਕਰਦਿਆਂ ਵੱਖ-ਵੱਖ ਟੀਮਾਂ ਬਣਾ ਕੇ ਮੁਲਜ਼ਮਾਂ ਨੂੰ ਫੜਨ ਦੀ ਮੁਹਿੰਮ ਆਰੰਭੀ ਸੀ। ਅੱਜ ਜਦੋਂ ਮੁਲਜ਼ਮ ਦਿਲਸ਼ੇਰ ਸਿੰਘ ਰੂਪਨਗਰ ਦੀ ਅਦਾਲਤ ਵਿੱਚ ਆਤਮ ਸਮਰਪਣ ਕਰਨ ਜਾ ਰਿਹਾ ਸੀ ਤਾਂ ਰਾਹ ਵਿੱਚ ਹੀ ਉਸ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਕੋਲੋਂ ਰਿਵਾਲਵਰ ਤੇ ਸੱਤ ਕਾਰਤੂਸ ਬਰਾਮਦ ਕੀਤੇ ਹਨ। ਨਿਤਿਨ ਨੰਦਾ ਦੇ ਭਰਾ ਹਰੀ ਕ੍ਰਿਸ਼ਨ ਨੰਦਾ ਦੇ ਬਿਆਨਾਂ ’ਤੇ ਪੁਲੀਸ ਨੇ ਦਿਲਸ਼ੇਰ ਸਿੰਘ, ਰਣਬਹਾਦਰ ਸਿੰਘ, ਰਾਮ ਸਿੰਘ, ਡਾ. ਅਜੈ ਰਾਣਾ ਅਤੇ ਦੋ ਅਣਪਛਾਤਿਆਂ ਖ਼ਿਲਾਫ਼ ਥਾਣਾ ਸ੍ਰੀ ਆਨੰਦਪੁਰ ਸਾਹਿਬ ਵਿੱਚ ਦਰਜ ਕੀਤਾ ਸੀ। ਨੰਦਾ ’ਤੇ ਕੁੱਲ ਤਿੰਨ ਫਾਇਰ ਕੀਤੇ ਗਏ ਸਨ, ਜਿਨ੍ਹਾਂ ’ਚੋਂ ਇੱਕ ਨੰਦਾ ਦੇ ਸਿਰ ਪਿੱਛੇ ਲੱਗਿਆ। ਮੁਲਜ਼ਮ ਦਿਲਸ਼ੇਰ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਉਸ ਦਾ ਰਿਮਾਂਡ ਲਿਆ ਜਾਵੇਗਾ ਤੇ ਇਸ ਦੇ ਨਾਲ ਹੀ ਬਾਕੀ ਮੁਲਜ਼ਮਾਂ ਨੂੰ ਵੀ ਛੇਤੀ ਕਾਬੂ ਕਰ ਲਿਆ ਜਾਵੇਗਾ। ਐੱਸ ਐੱਸ ਪੀ ਨੇ ਦੱਸਿਆ ਕਿ ਮੁੱਢਲੀ ਜਾਂਚ ’ਚ ਪਤਾ ਲੱਗਿਆ ਕਿ ਨੰਦਾ ਅਤੇ ਦਿਲਸ਼ੇਰ ਸਿੰਘ ਵਿਚਕਾਰ ਜਾਇਦਾਦ ਦੇ ਪੈਸਿਆਂ ਦੇ ਲੈਣ-ਦੇਣ ਦਾ ਝਗੜਾ ਹੈ।

