ਪੰਜਾਬ ’ਚ 12 ਤੋਂ 14 ਦਸੰਬਰ ਤੱਕ ਧੁੰਦ ਦੀ ਪੇਸ਼ੀਨਗੋਈ
ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਉਪਰਲੇ ਇਲਾਕਿਆਂ ਵਿੱਚ ਪਿਛਲੇ ਦਿਨੀਂ ਹੋਈ ਬਰਫ਼ਬਾਰੀ ਨੇ ਪੰਜਾਬ, ਹਰਿਆਣਾ ਸਣੇ ਉੱਤਰੀ ਭਾਰਤ ਨੂੂੰ ਠਾਰ ਦਿੱਤਾ ਹੈ। ਪਹਾੜੀ ਇਲਾਕੇ ਦੀਆਂ ਠੰਢੀਆਂ ਹਵਾਵਾਂ ਨੇ ਮੈਦਾਨੀ ਇਲਾਕੇ ਵਿੱਚ ਕੰਬਣੀ ਛੇੜ ਦਿੱਤੀ ਹੈ। ਅੱਜ ਪੰਜਾਬ ਦਾ ਫਰੀਦਕੋਟ ਅਤੇ...
ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਉਪਰਲੇ ਇਲਾਕਿਆਂ ਵਿੱਚ ਪਿਛਲੇ ਦਿਨੀਂ ਹੋਈ ਬਰਫ਼ਬਾਰੀ ਨੇ ਪੰਜਾਬ, ਹਰਿਆਣਾ ਸਣੇ ਉੱਤਰੀ ਭਾਰਤ ਨੂੂੰ ਠਾਰ ਦਿੱਤਾ ਹੈ।
ਪਹਾੜੀ ਇਲਾਕੇ ਦੀਆਂ ਠੰਢੀਆਂ ਹਵਾਵਾਂ ਨੇ ਮੈਦਾਨੀ ਇਲਾਕੇ ਵਿੱਚ ਕੰਬਣੀ ਛੇੜ ਦਿੱਤੀ ਹੈ। ਅੱਜ ਪੰਜਾਬ ਦਾ ਫਰੀਦਕੋਟ ਅਤੇ ਹਰਿਆਣਾ ਦਾ ਨਾਰਨੌਲ ਸ਼ਹਿਰ ਸਭ ਤੋਂ ਠੰਢੇ ਰਹੇ। ਫਰੀਦਕੋਟ ਵਿੱਚ ਘੱਟ ਤੋਂ ਘੱਟ ਤਾਪਮਾਨ 4.5 ਡਿਗਰੀ ਸੈਲਸੀਅਸ ਅਤੇ ਨਾਰਨੌਲ ਵਿੱਚ 5.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਮੌਸਮ ਵਿਗਿਆਨੀਆਂ ਨੇ ਪੰਜਾਬ ਤੇ ਹਰਿਆਣਾ ਵਿੱਚ ਆਉਣ ਵਾਲੇ ਦਿਨਾਂ ਵਿੱਚ ਠੰਢ ਵਧਣ ਦੇ ਨਾਲ-ਨਾਲ ਧੁੰਦ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਗਿਆਨੀਆਂ ਨੇ 12, 13 ਤੇ 14 ਦਸੰਬਰ ਨੂੰ ਦੋਵਾਂ ਸੂਬਿਆਂ ਵਿੱਚ ਕਈ ਥਾਵਾਂ ’ਤੇ ਸੰਘਣੀ ਧੁੰਦ ਪੈਣ ਅਤੇ ਤਾਪਮਾਨ ਵਿੱਚ ਹੋਰ ਗਿਰਾਵਟ ਹੋਣ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਇਸ ਵਾਰ ਹੁਣ ਤੱਕ ਮੀਂਹ ਨਾ ਪੈਣ ਕਰਕੇ ਖੁਸ਼ਕ ਠੰਢ ਪੈ ਰਹੀ ਹੈ, ਜਿਸ ਕਰਕੇ ਲੋਕਾਂ ਨੂੰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਹ ਪੂਰਾ ਹਫ਼ਤਾ ਵੀ ਮੌਸਮ ਖੁਸ਼ਕ ਰਹੇਗਾ, ਜਿਸ ਕਰਕੇ ਲੋਕਾਂ ਨੂੰ ਪੂਰਾ ਹਫ਼ਤਾ ਸਿਹਤ ਪੱਖੋਂ ਧਿਆਨ ਦੇਣ ਦੀ ਜ਼ਰੂਰਤ ਹੈ।
ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਘੱਟ ਤੋਂ ਘੱਟ ਤਾਪਮਾਨ 8.7, ਅੰਮ੍ਰਿਤਸਰ ਵਿੱਚ 6.9, ਲੁਧਿਆਣਾ ’ਚ 8.2, ਪਟਿਆਲਾ ਵਿੱਚ 10, ਪਠਾਨਕੋਟ ’ਚ 6.5, ਬਠਿੰਡਾ ਵਿੱਚ 6.6, ਗੁਰਦਾਸਪੁਰ ਵਿੱਚ 6, ਨਵਾਂ ਸ਼ਹਿਰ ਵਿੱਚ 7, ਫਿਰੋਜ਼ਪੁਰ ਵਿੱਚ 8.2, ਹੁਸ਼ਿਆਰਪੁਰ ਵਿੱਚ 5.3, ਮਾਨਸਾ ਵਿੱਚ 8.7, ਮੁਹਾਲੀ ਵਿੱਚ 11.8 ਅਤੇ ਰੋਪੜ ਵਿੱਚ 7.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਹੈ।

